ਮੱਖੂ ਨੇੜੇ ਵਾਪਰੇ ਸੜਕ ਹਾਦਸੇ ਵਿਚ ਪਿਓ-ਪੁੱਤ ਦੀ ਮੌਤ 

ਮੱਖੂ, 08 ਅਪ੍ਰੈਲ : ਮੱਖੂ ਦੇ ਨੇੜੇ ਪਿੰਡ ਲਹਿਰਾ ਬੇਟ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿਚ ਪਿਓ-ਪੁੱਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ। ਸਿਵਲ ਹਸਪਤਾਲ ਜ਼ੀਰਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਰਿਸ਼ਤੇਦਾਰ ਛਿੰਦਰ ਸਿੰਘ ਪੁੱਤਰ ਹਰਬੇਲ ਸਿੰਘ ਵਾਸੀ ਪਿੰਡ ਬੂਲੇ ਨੇ ਦੱਸਿਆ ਕਿ ਇਹ ਦੋਵੇਂ ਪਿਓ-ਪੁੱਤ ਬਲਵਿੰਦਰ ਸਿੰਘ (35) ਪੁੱਤਰ ਮਹਿੰਦਰ ਸਿੰਘ ਤੇ ਉਸ ਦਾ ਲੜਕਾ ਗੁਰਵਿੰਦਰ ਸਿੰਘ (18) ਦੋਵੇਂ ਵਾਸੀ ਪਿੰਡ ਬੂਲੇ ਤਹਿਸੀਲ ਜੀਰਾ ਮੋਟਰਸਾਈਕਲ ਪੀ ਬੀ 09 ਐਲ 6754 'ਤੇ ਪਿੰਡ ਬੂਲੇ ਤੋਂ ਪੱਟੀ ਵਿਖੇ ਸਥਿਤ ਗੁਰਦੁਆਰਾ ਭੱਠ ਸਾਹਿਬ ਮੱਸਿਆ 'ਤੇ ਮਖੂ ਵੱਲ ਜਾ ਰਹੇ ਸਨ। ਜਦ ਉਹ ਮੋਗਾ-ਮੱਖੂ ਰੋਡ 'ਤੇ ਸਥਿਤ ਪਿੰਡ ਪੀਰ ਮੁਹੰਮਦ ਲੰਘੇ ਤਾਂ ਸਾਹਮਣੇ ਤੋਂ ਆ ਰਹੀ ਹਾਂਡਾ ਸਿਟੀ ਕਾਰ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਨਾਲ ਬਲਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਲੜਕੇ ਗੁਰਵਿੰਦਰ ਸਿੰਘ ਨੂੰ ਮੱਖੂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਣ ਕਾਰਨ ਉਸ ਦੀ ਵੀ ਮੌਤ ਹੋ ਗਈ। ਸਿਵਲ ਹਸਪਤਾਲ ਜ਼ੀਰਾ ਵਿਖੇ ਤਾਇਨਾਤ ਡਾਕਟਰ ਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੀਰ ਮੁਹੰਮਦ ਨਜ਼ਦੀਕ ਸਥਿਤ ਟੋਲ ਪਲਾਜ਼ਾ ਦੀ ਇਕ ਐਂਬੂਲੈਂਸ ਇਕ ਲਾਸ਼ ਨੂੰ ਲੈ ਕੇ ਸਿਵਲ ਹਸਪਤਾਲ ਜ਼ੀਰਾ ਪਹੁੰਚੀ ਸੀ ਅਤੇ ਉਸ ਦੇ ਕਰੀਬ ਇਕ ਘੰਟੇ ਬਾਅਦ ਇਕ ਹੋਰ ਲਾਸ਼ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਵੱਲੋਂ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਘਰ ਵਿਚ ਰਖਵਾ ਦਿੱਤਾ ਗਿਆ ਹੈ।