ਇਫਕੋ ਵੱਲੋਂ ਖੇਤਾਂ ਵਿੱਚ ਸਪਰੇਅ ਲਈ ਡਰੋਨ ਮੁਹੱਈਆ ਕਰਵਾਉਣ ਦਾ ਕਿਸਾਨਾਂ ਨੂੰ ਹੋਵੇਗਾ ਲਾਭ: ਡਿਪਟੀ ਕਮਿਸ਼ਨਰ

  • ਡਰੋਨ ਨਾਲ 07 ਮਿੰਟ ਵਿੱਚ ਇੱਕ ਏਕੜ ਰਕਬੇ ਵਿੱਚ ਹੋਵੇਗਾ ਸਪਰੇਅ ਤੇ 10 ਲੀਟਰ ਪਾਣੀ ਦੀ ਹੋਵੇਗੀ ਖਪਤ
  • ਕਿਸਾਨ ਮੋਬਾਇਲ ਐਪ " ਇਫਕੋ ਕਿਸਾਨ ਓਦੇ " ਅਤੇ " ਇਫਕੋ ਸਹਿਕਾਰ ਉਡਾਨ " ਰਾਹੀਂ ਕਿਸਾਨ ਕਰ ਸਕਣਗੇ ਆਰਡਰ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪੱਧਰੀ ਕੰਪਲੈਕਸ ਤੋਂ ਇਫਕੋ ਡਰੋਨ ਨੂੰ ਕੀਤਾ ਰਵਾਨਾਂ

ਫ਼ਤਹਿਗੜ੍ਹ ਸਾਹਿਬ, 02 ਅਗਸਤ 2024 : ਦੇਸ਼ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਕਿਸਾਨਾਂ ਨੂੰ ਖੇਤਾਂ ਵਿੱਚ ਡਰੋਨ ਰਾਹੀਂ ਸਪਰੇਅ ਕਰਵਾਉਣ ਦੀ ਦਿੱਤੀ ਸਹੂਲਤ ਦਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਡਾ ਲਾਭ ਪਹੁੰਚੇਗਾ ਕਿਉਂਕਿ ਡਰੋਨ ਰਾਹੀਂ ਇੱਕ ਏਕੜ ਰਕਬੇ ਵਿੱਚ 07 ਮਿੰਟ ਚ ਸਪੇਅਰ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਇੱਕ ਏਕੜ ਰਕਬੇ ਵਿੱਚ ਸਪਰੇਅ ਕਰਨ ਨਾਲ ਸਿਰਫ 10 ਲੀਟਰ ਪਾਣੀ ਦੀ ਹੀ ਖਪਤ ਹੁੰਦੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਫਕੋ ਦੇ ਡਰੋਨ ਨੂੰ ਰਵਾਨਾਂ ਕਰਨ ਮੌਕੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਡਰੋਨ ਨਾਲ ਸਪਰੇਅ ਕਰਵਾਉਣ ਦੇ ਚਾਹਵਾਨ ਕਿਸਾਨ ਮੋਬਾਇਲ ਐਪ " ਇਫਕੋ ਕਿਸਾਨ ਓਦੇ " ਅਤੇ " ਇਫਕੋ ਸਹਿਕਾਰ ਉਡਾਨ " ਰਾਹੀਂ ਆਨ ਲਾਇਨ ਆਰਡਰ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਆਰਡਰ ਸਬੰਧਤ ਤੱਕ ਪਹੁੰਚਣ ਉਪਰੰਤ ਉਨ੍ਹਾਂ ਦੇ ਖੇਤ ਵਿੱਚ ਆ ਕੇ ਸਪਰੇਅ ਕਰ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰੋਨ ਰਾਹੀਂ ਪੂਰੇ ਖੇਤ ਵਿੱਚ ਇੱਕ ਸਾਰ ਤਰੀਕੇ ਨਾਲ ਸਪਰੇਅ ਹੁੰਦਾ ਹੈ ਅਤੇ ਇਸ ਨਾਲ ਫਸਲਾਂ ਦਾ ਝਾੜ ਵੱਧਦਾ ਹੈ ਤੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਵੀ ਵੱਡਾ ਲਾਭ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਫਕੋ ਵੱਲੋਂ ਤਿਆਰ ਕੀਤੀਆਂ ਗਈਆਂ ਨੈਨੋ ਖਾਦਾਂ ਅਤੇ ਨੈਨੋ ਯੂਰੀਆ ਤੇ ਸਰਕਾਰ ਵੱਲੋਂ ਦੁਰਘਟਨਾ ਬੀਮਾਂ ਦਾ ਲਾਭ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਫਕੋ ਦੁਰਘਟਨਾ ਬੀਮਾ ਲਈ ਕਿਸਾਨ ਨੂੰ ਕੋਈ ਪ੍ਰੀਮੀਅਮ ਨਹੀਂ ਦੇਣਾ ਪਵੇਗਾ ਬਲਕਿ ਇਫਕੋ ਨੈਨੋ ਯੂਰੀਆ ਜਾਂ ਨੈਨੋ ਡੀ.ਏ.ਪੀ. ਦੀ ਇੱਕ ਬੋਤਲ ਤੇ 10 ਹਜ਼ਾਰ ਰੁਪਏ ਤੱਕ ਦਾ ਦੁਰਘਟਨਾ ਬੀਮਾ ਦਾ ਲਾਭ ਮਿਲਦਾ ਹੈ। ਇਸ ਸਕੀਮ ਅਧੀਨ ਵੱਧ ਤੋਂ ਵੱਧ 20 ਬੋਤਲਾਂ ਤੇ ਦੋ ਲੱਖ ਰੁਪਏ ਦਾ ਲਾਭ ਦਿੱਤਾ ਜਾਂਦਾ ਹੈ। ਇਸ ਮੌਕੇ ਇਫਕੋ ਦੇ ਫੀਲਡ ਅਫਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਫਕੋ ਦੀਆਂ ਨੈਨੋ ਖਾਦਾਂ ਦੀ ਵਰਤੋਂ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕਦੀ ਹੈ ਉਥੇ ਹੀ ਕਿਸਾਨਾਂ ਦਾ ਸਪਰੇਅ ਤੇ ਹੋਣ ਵਾਲਾ ਖਰਚਾ ਵੀ ਘਟਦਾ ਹੈ ਕਿਉਂਕਿ ਇਫਕੋ ਖਾਦਾਂ ਦੀ ਵਰਤੋਂ ਨਾਲ ਫਸਲਾਂ ਤੇ ਕੀੜਿਆਂ ਦਾ ਹਮਲਾ ਬਹੁਤ ਘੱਟ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਫਕੋ ਵੱਲੋਂ ਪਹਿਲਾਂ ਤਿਆਰ ਕੀਤੇ ਗਏ ਇਫਕੋ ਨੈਨੋ ਯੂਰੀਆ ਵਿੱਚ ਨਾਈਟ੍ਰੋਜਨ ਦੀ ਮਿਕਦਾਰ 4 ਫੀਸਦੀ ਸੀ ਜਦੋਂ ਕਿ ਇਫਕੋ ਨੈਨੋ ਯੂਰੀਆ ਪਲੱਸ ਵਿੱਚ 20 ਫੀਸਦੀ ਨਾਈਟ੍ਰੋਜਨ ਦੀ ਮਿਕਦਾਰ ਹੈ, ਜੋ ਕਿ ਕਿਸਾਨਾਂ ਨੂੰ 225/-ਰੁਪਏ ਵਿੱਚ ਹੀ ਮਿਲਦੀ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ: ਧਰਮਿੰਦਰਜੀਤ ਸਿੰਘ ਸਿੱਧੂ, ਖੇਤੀਬਾੜੀ ਅਫਸਰ ਡਾ: ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ: ਦਮਨ ਝਾਂਜੀ, ਡਰੋਨ ਮਾਹਰ ਦੀਪਕ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਪਤਵੰਤੇ ਵੀ ਹਾਜਰ ਸਨ।