ਤਾਰੋਂ ਪਾਰ ਦੇ ਕਿਸਾਨਾਂ ਨੂੰ ਹੁਣ ਦਿਨ ਵੇਲੇ ਮਿਲੇਗੀ ਬਿਜਲੀ

  • ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਬਿਜਲੀ ਮੰਤਰੀ ਨੂੰ ਮਿਲ ਕੇ ਸਰਹੱਦੀ ਕਿਸਾਨਾਂ ਦਾ ਮਸਲਾ ਕਰਵਾਇਆ ਹੱਲ

ਫਾਜਿਲਕਾ 17 ਜੁਲਾਈ 2024 : ਫਾਜ਼ਿਲਕਾ ਦੇ ਸਰਹੱਦੀ ਕਿਸਾਨਾਂ ਦੀ ਇੱਕ ਵੱਡੀ ਸਮੱਸਿਆ ਦਾ ਹੱਲ ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਬਿਜਲੀ ਮੰਤਰੀ ਨਾਲ ਮੁਲਾਕਾਤ ਕਰਕੇ ਕਰਵਾ ਦਿੱਤਾ ਹੈ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਉਹਨਾਂ ਨੂੰ ਦੱਸਿਆ ਕਿ ਸਰਹੱਦੀ ਪਿੰਡਾਂ ਚ ਜਿਨਾਂ ਕਿਸਾਨਾਂ ਦੀਆਂ ਜਮੀਨਾਂ ਕੰਡਿਆਲੀ ਤਾਰ ਦੇ ਪਾਰ ਹਨ ਉਹਨਾਂ ਨੂੰ ਕਈ ਵਾਰ ਰਾਤ ਸਮੇਂ ਬਿਜਲੀ ਮਿਲਦੀ ਹੈ ਅਤੇ ਉਸ ਸਮੇਂ ਉਹ ਤਾਰੋਂ ਪਾਰ ਜਾ ਕੇ ਮੋਟਰਾਂ ਨਹੀਂ ਚਲਾ ਸਕਦੇ । ਜਿਸ ਕਾਰਨ ਉਹਨਾਂ ਦੀ ਖੇਤੀ ਦਾ ਨੁਕਸਾਨ ਹੁੰਦਾ ਹੈ। ਉਹਨਾਂ ਨੇ ਕੈਬਨਿਟ ਮੰਤਰੀ ਅੱਗੇ ਮੰਗ ਰੱਖੀ ਕਿ ਸਰਹੱਦੀ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦਿੱਤੀ ਜਾਵੇ। ਵਿਧਾਇਕ ਨੇ ਦੱਸਿਆ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਉਸੇ ਸਮੇਂ ਹੀ ਆਪਣੇ ਵਿਭਾਗ ਨੂੰ ਹਦਾਇਤ ਕਰ ਦਿੱਤੀ ਹੈ ਕਿ ਤਾਰੋਂ ਪਾਰ ਦੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦਿੱਤੀ ਜਾਵੇ ਤਾਂ ਜੋ ਉਹ ਬੀਐਸਐਫ ਵੱਲੋਂ ਦਿੱਤੇ ਗਏ ਸਮੇਂ ਅਨੁਸਾਰ ਤਾਰੋਂ ਪਾਰ ਜਾ ਕੇ ਆਪਣੀਆਂ ਫਸਲਾਂ ਦੀ ਸਾਂਭ ਸੰਭਾਲ ਕਰ ਸਕਣ ਅਤੇ ਉਨਾਂ ਦੀ ਸਿੰਚਾਈ ਕਰ ਸਕਣ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਰਹੱਦੀ ਇਲਾਕੇ ਦੇ ਕਿਸਾਨਾਂ ਦੀ ਵੱਡੀ ਮੰਗ ਪੂਰੀ ਕਰਨ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਵੀ ਕੀਤਾ।