ਵਿਧਾਇਕ ਮਾਲੇਰਕੋਟਲਾ ਦੀ ਕੋਸ਼ਿਸ਼ਾਂ ਸਦਕਾ ਸਬ-ਡਿਵੀਜ਼ਨ ਹਸਪਤਾਲ ਮਾਲੇਰਕੋਟਲਾ ਹੁਣ ਜ਼ਿਲ੍ਹਾ ਹਸਪਤਾਲ ਵਜੋਂ ਘੋਸ਼ਿਤ

  • ਕਿਹਾ ਕਿ ਜ਼ਿਲ੍ਹਾ ਹਸਪਤਾਲ ਦਾ ਦਰਜਾ ਮਿਲਣ ਨਾਲ ਹੁਣ ਹਸਪਤਾਲ ਵਿੱਚ ਨਵੀਆਂ ਤੇ ਵਧੀਆ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ
  • ਸਬ-ਡਵੀਜ਼ਨ ਹਸਪਤਾਲ ਮਾਲੇਰਕੋਟਲਾ ਨੂੰ ਜ਼ਿਲ੍ਹਾ ਹਸਪਤਾਲ ਦਾ ਦਰਜਾ ਮਿਲਣ ਤੇ ਮਾਲੇਰਕੋਟਲਾ ਨਿਵਾਸੀਆਂ ਨੇ ਇਸ ਫੈਸਲੇ ‘ਤੇ ਕੀਤੀ ਖੁਸ਼ੀ ਜ਼ਾਹਿਰ

ਮਾਲੇਰਕੋਟਲਾ, 11 ਮਾਰਚ 2025 : ਮਾਲੇਰਕੋਟਲਾ ਦੀ ਅਵਾਮ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੀ ਲਗਾਤਾਰ ਕੋਸ਼ਿਸ਼ਾਂ ਅਤੇ ਉਨ੍ਹਾਂ ਦੀ ਦ੍ਰਿੜ ਇੱਛਾ ਸ਼ਕਤੀ ਦੇ ਨਤੀਜੇ ਵਜੋਂ 130 ਬੈੱਡ ਵਾਲੇ ਸਬ-ਡਵੀਜ਼ਨ ਹਸਪਤਾਲ ਮਾਲੇਰਕੋਟਲਾ ਨੂੰ ਜ਼ਿਲ੍ਹਾ ਹਸਪਤਾਲ ਦਾ ਦਰਜਾ ਮਿਲ ਗਿਆ ਹੈ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ ਲੋਕਾਂ ਦੀ ਲੋੜ ਨੂੰ ਸਮਝਦੇ ਹੋਏ ਇਹ ਇਤਿਹਾਸਕ ਫੈਸਲਾ ਲਿਆ ਹੈ, ਜੋ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹਾ ਪੱਧਰੀ ਹਸਪਤਾਲ ਸਿਹਤ ਸੰਭਾਲ ਵਿੱਚ ਨਵਾਂ ਇਤਿਹਾਸ ਸਾਬਤ ਹੋਵੇਗਾ ਕਿਉਂਕਿ ਮਾਲੇਰਕੋਟਲਾ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ, ਜਿਸ ਕਰਕੇ ਇੱਥੇ ਇੱਕ ਉੱਚ-ਸਤਰੀ ਸਿਹਤ ਸੰਭਾਲ ਕੇਂਦਰ ਦੀ ਲੋੜ ਸੀ। ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਇਸ ਮਾਮਲੇ ਨੂੰ ਪੰਜਾਬ ਸਰਕਾਰ ਨੂੰ ਬੜੀ ਸਮਝ ਅਤੇ ਤਰਕ ਨਾਲ ਜ਼ਿਲ੍ਹਾ ਨਿਵਾਸੀਆਂ ਦੀ ਲੋੜ ਤੋਂ ਅਵਗਤ ਕਰਵਾਇਆ ਤਾਂ ਜੋ ਬੇਹਤਰ ਸਿਹਤ ਸਹੂਲਤਾਵਾਂ ਮੁਹੱਈਆਂ ਹੋ ਸਕਣ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਦਾ ਦਰਜਾ ਮਿਲਣ ਨਾਲ ਹੁਣ ਹਸਪਤਾਲ ਵਿੱਚ ਨਵੀਆਂ ਤੇ ਵਧੀਆ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਸੁਪਰ ਸਪੈਸ਼ਲਟੀ ਸੇਵਾਵਾਂ,ਅਤੀ ਆਧੁਨਿਕ ਮੈਡੀਕਲ ਉਪਕਰਣ, ਐਮਰਜੈਂਸੀ ਸੇਵਾਵਾਂ, ਦਵਾਈਆਂ ,ਟੈਸਟਾਂ,ਮੈਡੀਕਲ ਸਟਾਫ਼ ਆਦਿ ਵਿੱਚ ਵਾਧਾ ਹੋਵੇਗਾ। ਇਸ ਸੰਬੰਧੀ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ,"ਮਾਲੇਰਕੋਟਲਾ ਵਾਸੀਆਂ ਲਈ ਇਹ ਇੱਕ ਵੱਡੀ ਜਿੱਤ ਹੈ। ਹੁਣ ਲੋਕਾਂ ਨੂੰ ਇਲਾਜ ਲਈ ਲੰਬਾ ਸਫਰ ਤੈਅ ਕਰਨ ਦੀ ਲੋੜ ਨਹੀਂ ਪਵੇਗੀ। ਪੰਜਾਬ ਸਰਕਾਰ ਨੇ ਹਮੇਸ਼ਾਂ ਹੀ ਮਾਲੇਰਕੋਟਲਾ ਦੀ ਭਲਾਈ ਨੂੰ ਤਰਜੀਹ ਦਿੱਤੀ ਹੈ, ਅਤੇ ਮੈਂ ਭਵਿੱਖ ਵਿੱਚ ਵੀ ਲੋਕਾਂ ਦੀਆਂ ਸਮੱਸਿਆਵਾਂ/ਜਰੂਰਤਾਂ ਦੀ ਆਵਾਜ਼ਾਂ ਪੰਜਾਬ ਸਰਕਾਰ ਤੱਕ ਪਹੁੰਚਾਉਂਦਾ ਰਹਾਂਗਾ।" ਸਬ-ਡਵੀਜ਼ਨ ਹਸਪਤਾਲ ਮਾਲੇਰਕੋਟਲਾ ਨੂੰ ਜ਼ਿਲ੍ਹਾ ਹਸਪਤਾਲ ਦਾ ਦਰਜਾ ਮਿਲਣ ਤੇ ਮਾਲੇਰਕੋਟਲਾ ਵਾਸੀਆਂ ਨੇ ਵੀ ਇਸ ਫੈਸਲੇ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ,ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਅਤੇ ਸਥਾਨਿਕ ਵਿਧਾਇਕ ਡਾ ਜਮੀਲ ਉਰ ਰਹਿਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਇਹ ਜ਼ਿਲ੍ਹਾ ਹਸਪਤਾਲ ਸਿਹਤ ਖੇਤਰ ਵਿੱਚ ਇੱਕ ਨਵਾਂ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਲੋੜਵੰਦਾਂ ਨੂੰ ਬੇਹਤਰ ਅਤੇ ਆਧੁਨਿਕ ਢੰਗ ਨਾਲ ਵਧੀਆ ਸਿਹਤ ਸਹੂਲਤਾਵਾਂ ਪ੍ਰਦਾਨ ਕਰੇਗਾ।