ਡਾ. ਪ੍ਰਗਿਆ ਜੈਨ ਨੇ ਐਸ.ਐਸ.ਪੀ ਫਰੀਦਕੋਟ ਵਜੋਂ ਸੰਭਾਲਿਆ ਕਾਰਜਭਾਰ

ਫ਼ਰੀਦਕੋਟ 3 ਅਗਸਤ 2024 : ਡਾ. ਪ੍ਰਗਿਆ ਜੈਨ, ਆਈ.ਪੀ.ਐਸ ਨੇ ਅੱਜ ਸੀਨੀਅਰ ਕਪਤਾਨ ਪੁਲਿਸ, ਫਰੀਦਕੋਟ ਦਾ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਉਪਰੰਤ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਸਾਲ 2017 ਬੈਚ ਦੇ ਆਈ.ਪੀ.ਐਸ ਅਫਸਰ ਹਨ ਅਤੇ ਉਨ੍ਹਾਂ ਨੇ ਸਹਾਇਕ ਕਪਤਾਨ ਪੁਲਿਸ, ਮਹਿਲ ਕਲਾਂ (ਬਰਨਾਲਾ) ਵਜੋ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਉਹ ਕਪਤਾਨ ਪੁਲਿਸ (ਡੀ), ਖੰਨਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਕਮਿਸ਼ਨਰੇਟ ਜਲੰਧਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ 1 ਅਤੇ 3 (ਹੈਡਕੁਆਟਰ) ਕਮਿਸ਼ਨਰੇਟ ਲੁਧਿਆਣਾ, ਡਿਪਟੀ ਕਮਿਸ਼ਨਰ ਪੁਲਿਸ (ਸਿਟੀ) ਕਮਿਸ਼ਨਰੇਟ ਅੰਮ੍ਰਿਤਸਰ ਅਤੇ ਐਸ.ਐਸ.ਪੀ ਫਾਜਿਲਕਾ ਵਜੋ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਵਿਖੇ ਉਨ੍ਹਾਂ ਦੀ ਅਗਵਾਈ ਵਿੱਚ ਨਸ਼ਿਆਂ ਦੇ ਖਿਲਾਫ ”ਮਿਸ਼ਨ ਨਿਸ਼ਚੈ” ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ 350 ਡਰੱਗ ਪੈਡਲਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਦਹਾਕੇ ਦੀ ਸਭ ਤੋ ਵੱਡੀ ਅਫੀਮ ਬਰਾਮਦਗੀ ਕੀਤੀ ਗਈ, ਜਿਸ ਵਿੱਚ 66 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਐਨ.ਡੀ.ਪੀ.ਐਸ. ਐਕਟ ਅਧੀਨ 20 ਡਰੱਗ ਸਮਗਲਰਾਂ ਦੀ ਕਰੀਬ 10 ਕਰੋੜ ਦੀ ਸੰਪਤੀ ਜਬਤ ਕਰਵਾਈ ਗਈ। ਬਰਨਾਲਾ ਵਿਖੇ ਮਥੁਰਾ ਅਤੇ ਆਗਰਾ ਗੈਗ ਦਾ ਪਰਦਾਫਾਸ਼ ਕਰਕੇ ਕਰੀਬ 3 ਕਰੋੜ ਨਸ਼ੀਲੀਆਂ ਗੋਲੀਆਂ, ਕੈਪਸੂਲ ਬਰਾਮਦ ਕੀਤੀਆਂ। ਇਸੇ ਤਰ੍ਹਾਂ ਕਮਿਸ਼ਨਰੇਟ ਲੁਧਿਆਣਾ ਵਿਖੇ ਕਰੀਬ 60 ਲੱਖ ਨਸ਼ੀਲੀਆਂ ਗੋਲੀਆਂ ਕੈਪਸੂਲ ਬਰਾਮਦ ਕੀਤੀਆਂ। ਕਪਤਾਨ ਪੁਲਿਸ (ਡੀ), ਖੰਨਾ ਦੀ ਤਾਇਨਾਤੀ ਦੋਰਾਨ ਕਰੀਬ 200 ਹਥਿਆਰ ਬਰਾਮਦ ਕੀਤੇ। ਉਨ੍ਹਾਂ ਨੂੰ ਚੰਗੀਆਂ ਸੇਵਾਵਾਂ ਬਦਲੇ  ਡੀ.ਜੀ.ਪੀ ਸਾਹਿਬ ਵੱਲੋ ਕਈ ਵਾਰ ”ਡੀ.ਜੀ.ਪੀ ਕੰਮੇਡੇਸ਼ਨ ਡਿਸਕ”ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਸਮੁੱਚੀ ਪ੍ਰੈਸ ਅਤੇ ਜ਼ਿਲ੍ਹਾ ਫਰੀਦਕੋਟ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ, ਲੁੱਟ-ਖੋਹ ਅਤੇ ਹੋਰ ਗੈਰ-ਸਮਾਜਿਕ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਪੁਲਿਸ ਦਾ ਸਹਿਯੋਗ ਦੇਣ ਤਾਂ ਜੋ ਮਾੜੇ ਅਨਸਰਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।