ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਵੋਟਰ ਸੂਚੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, ਜ਼ਿਲ੍ਹਾ ਚੋਣ ਅਫ਼ਸਰ 

  • 16 ਅਕਤੂਬਰ ਨੂੰ ਕੀਤੀ ਜਾਵੇਗੀ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨ

ਬਰਨਾਲਾ, 29 ਅਗਸਤ 2024 : ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਅਫਸਰ, ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2025 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਪ੍ਰੀ-ਰਵੀਜ਼ਨ ਗਤੀਵਿਧੀਆਂ ਤਹਿਤ ਬੂਥ ਲੈਵਲ ਅਫਸਰਾਂ ਵੱਲੋਂ ਮਿਤੀ 20 ਅਗਸਤ ਤੋਂ 20 ਸਤੰਬਰ ਤੱਕ ਘਰ-ਘਰ ਜਾ ਕੇ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਯੋਗਤਾ 01 ਜਨਵਰੀ, 2025 ਦੇ ਅਧਾਰ 'ਤੇ 16 ਅਕਤੂਬਰ, 2024 ਨੂੰ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਆਮ ਜਨਤਾ ਪਾਸੋਂ ਨਵੀਂ ਵੋਟ ਬਣਾਉਣ, ਵੋਟ ਕਟਵਾਉਣ ਜਾਂ ਪਹਿਲਾਂ ਬਣੀ ਵੋਟ ਵਿੱਚ ਸੋਧ ਕਰਵਾਉਣ, ਰਿਹਾਇਸ਼ ਬਦਲਣ ਸਬੰਧੀ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਤਾਂ ਜੋ ਸਹੀ ਫੋਟੋ ਵੋਟਰ ਸੂਚੀਆਂ ਤਿਆਰ ਹੋ ਸਕਣ। ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰ. 6, ਵੋਟ ਕਟਵਾਉਣ ਲਈ ਫਾਰਮ ਨੰ. 7 ਅਤੇ ਕਿਸੇ ਵੀ ਪ੍ਰਕਾਰ ਦੀ ਦਰੁੱਸਤੀ, ਪਤਾ ਬਦਲਣ, ਡੁਪਲਈਕੇਟ ਸ਼ਨਾਖਤੀ ਕਾਰਡ ਤੇ ਪੀ.ਡਬਲਿਓ.ਡੀ. ਮਾਰਕਿੰਗ ਲਈ ਫਾਰਮ ਨੰ. 8 ਭਰਿਆ ਜਾਵੇਗਾ। ਐਨ.ਆਰ.ਆਈ. ਵੋਟਰ ਲਈ ਫਾਰਮ ਨੰ. 6ਏ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੋਗਤਾ ਮਿਤੀ ਦੇ ਅਧਾਰ ਤੇ 17 ਤੋਂ 18 ਸਾਲ ਦੀ ਉਮਰ ਦੇ ਯੋਗ ਬਿਨੈਕਾਰਾਂ ਦੀ ਵੋਟਰ ਰਜਿਸ਼ਟ੍ਰੇਸ਼ਨ ਲਈ ਉਨ੍ਹਾਂ ਦੇ ਵੇਰਵੇ ਐਡਵਾਂਸ ਚ ਇੱਕਤਰ ਕੀਤੇ ਜਾਣਗੇ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੈਬਸਾਇਟ ਵੋਟਰ ਪੋਰਟਲ ਜਾਂ ਵੋਟਰ ਹੈਲਪਲਾਇਨ ਮੋਬਾਇਲ ਐਪ ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਵੋਟਾਂ ਸਬੰਧੀ ਕਿਸੇ ਵੀ ਕਿਸਮ ਦੀ ਔਕੜ ਪੇਸ਼ ਆ ਰਹੀ ਹੈ ਤਾਂ ਹਰ ਤਰ੍ਹਾਂ ਦੀ ਜਾਣਕਾਰੀ ਟੋਲ ਫਰੀ ਨੰ. 1950 ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 09 ਨਵੰਬਰ 2024 (ਦਿਨ ਸ਼ਨੀਵਾਰ), 10 ਨਵੰਬਰ (ਦਿਨ ਐਤਵਾਰ) ਨੂੰ ਵਿਸ਼ੇਸ਼ ਕੈਂਪਾਂ ਦੌਰਾਨ ਬੂਥ ਲੈਵਲ ਅਫਸਰ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਇਸ ਸਮੇਂ ਦੌਰਾਨ ਪ੍ਰਾਪਤ ਕੀਤੇ ਗਏ ਫਾਰਮਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ 29 ਅਕਤੂਬਰ, 2024 ਤੋਂ 24 ਦਸੰਬਰ, 2024 ਤੱਕ ਕੀਤਾ ਜਾਵੇਗਾ ਅਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 06 ਜਨਵਰੀ, 2025 ਨੂੰ ਕੀਤੀ ਜਾਵੇਗੀ। ਉਕਤ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ 2025 ਤੋਂ ਪਹਿਲਾਂ ਪਹਿਲਾਂ ਕੀਤੀ ਜਾਣੀ ਹੈ। ਪੋਲਿੰਗ ਸਟੇਸ਼ਨ ਵਿੱਚ ਵੋਟਰਾਂ ਦੀ ਸੀਮਾਂ 1500 ਰੱਖੀ ਗਈ ਹੈ। ਪੋਲਿੰਗ ਸਟੇਸ਼ਨਾਂ ਦੀ ਬਿਲਡਿੰਗ ਦੀ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਇਸ ਸਬੰਧੀ ਜ਼ਿਲੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਬੂਥ ਲੈਵਲ ਅਫਸਰ ਵੱਲੋਂ ਵੋਟਰਾਂ ਦੀ ਵੈਰੀਫਿਕੇਸ਼ਨ ਕਰਨ ਲਈ ਕੀਤੇ ਜਾਣ ਵਾਲੇ ਡੋਰ ਟੂ ਡੋਰ ਸਰਵੇ ਦੌਰਾਨ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 01 ਜਨਵਰੀ 2025 ਦੀ ਯੋਗਤਾ ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 17 ਅਕਤੂਬਰ ਨੂੰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾਂ ਕਰਵਾਈ ਜਾਵੇਗੀ ਅਤੇ ਵੋਟਰ ਆਪਣੇ ਦਾਅਵੇ ਜਾਂ ਇਤਰਾਜ਼ 30 ਨਵੰਬਰ ਤੱਕ ਦੇ ਸਕਣਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀਸੁਧਾਈ ਮਹੀਨਾ ਅਕਤੂਬਰ ਤੇ ਨਵੰਬਰ 2024 ਦੌਰਾਨ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿੱਥੇ ਕਿ ਬੂਥਾ ਨਾਲ ਸਬੰਧਿਤ ਬੀ.ਐਲ.ਓਜ ਹਾਜਰ ਰਹਿਣਗੇ।  ਉਨ੍ਹਾਂ ਦੱਸਿਆ ਕਿ ਵੋਟਰਾਂ ਵੱਲੋਂ ਦਾਇਰ ਕੀਤੇ ਗਏ ਦਾਅਵੇ ਅਤੇ ਇਤਰਾਜ਼ 17 ਅਕਤੂਬਰ ਤੋਂ 24 ਦਸੰਬਰ ਨੂੰ ਫੋਟੋ ਵੋਟਰ ਸੂਚੀਆਂ ਤੇ ਬਿਨਾਂ ਫੋਟੋ ਵੋਟਰ ਸੂਚੀਆਂ ਦੀ ਪੀ.ਡੀ.ਐਫ. ਫਾਈਲ ਤਿਆਰ ਕੀਤੀ ਜਾਵੇਗੀ ਅਤੇ 5 ਜਨਵਰੀ 2025 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕਰਵਾਈ ਜਾਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਨਵਰੀ 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨ ਆਪਣੀਆਂ ਵੋਟਾਂ ਜ਼ਰੂਰ ਬਣਵਾਉਣ ਤਾਂ ਜੋ ਲੋਕਤੰਤਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ।