ਲੁਧਿਆਣਾ, 03 ਮਾਰਚ : ਆਮ ਲੋਕਾਂ ਦੀ ਚੰਗੀ ਸਿਹਤ ਸੰਭਾਲ ਲਈ ਵਚਨਬੱਧ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਡਾ ਹਿਤਿੰਦਰ ਕੌਰ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਵਿੱਚ 'ਸੁਣਨ ਸ਼ਕਤੀ ਸਬੰਧੀ ਵਿਸ਼ਵ ਦਿਵਸ' ਮਨਾਇਆ ਗਿਆ ਜਿਸਦੇ ਤਹਿਤ ਵੱਖ-ਵੱਖ ਸਿਹਤ ਕਂੇਦਰਾਂ ਵਿੱਚ ਸੈਮੀਨਾਰ ਅਤੇ ਚੈਕਅਪ ਕੈਪ ਵੀ ਆਯੋਜਿਤ ਕੀਤੇ ਗਏ। ਇਸ ਸਬੰਧੀ ਲੋੜਵੰਦ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਦਾ ਲਾਭ ਲੈਣ ਲਈ ਵੀ ਜਾਗਰੂਕ ਕੀਤਾ ਗਿਆ। ਵਿਸ਼ਵ ਸੁਣਨ ਸ਼ਕਤੀ ਦਿਵਸ ਦਾ ਜ਼ਿਲ੍ਹਾ ਪੱਧਰੀ ਸੈਮੀਨਾਰ ਸਿਵਲ ਹਸਪਤਾਲ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਹਿਤਿੰਦਰ ਕੌਰ ਨੇ ਦੱਸਿਆ ਕਿ ਕੰਨਾਂ ਦੀ ਕੋਈ ਬਿਮਾਰੀ ਹੋਣ ਕਾਰਨ ਆਪਣੇ ਕੰਨ ਸੜ੍ਹਕਾਂ ਕਿਨਾਰੇ ਬੈਠੇ ਨੀਮ ਹਕੀਮ ਨੂੰ ਦਿਖਾਉਣ ਦੀ ਬਜਾਏ ਉਨਾਂ ਨੂੰ ਆਪਣੇ ਕੰਨਾਂ ਦਾ ਮਾਹਿਰ ਡਾਕਟਰਾਂ ਕੋਲੋ ਹੀ ਚੈਕਅਪ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਐਸ.ਐਮ.ਓ. ਡਾ.ਅਮਰਜੀਤ ਕੌਰ ਅਤੇ ਕੰਨਾਂ ਦੇ ਮਾਹਿਰ ਡਾ.ਦਮਨਪ੍ਰੀਤ ਸਿੰਘ ਨੇ ਇਸ ਬਿਮਾਰੀ ਦੇ ਇਲਾਜ, ਬਚਾਅ ਅਤੇ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਇਹ ਬਿਮਾਰੀ ਹੋ ਸਕਦੀ ਹੈ, ਜਿਸ ਵੱਲ ਵਧੇਰੇ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ। ਬੱਚਿਆਂ ਵਿਚ ਕਈ ਵਾਰ ਜਮਾਦਰੂ ਨੁਕਸ ਵੀ ਹੋ ਸਕਦਾ ਹੈ ਅਤੇ ਪਰਿਵਾਰਕ ਮੈਬਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮਾਪਿਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਬੱਚਾ ਕੀ ਰਿਸਪਾਂਸ ਕਰਦਾ ਹੈ। ਜੇਕਰ ਸ਼ੱਕ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਵੱਡੀ ਉਮਰ ਹੋਣ ਨਾਲ ਸੁਣਨ ਸ਼ਕਤੀ ਕਮਜ਼ੋਰ ਹੋ ਜਾਦੀ ਹੈ, ਕਿਉਕਿ ਜੇਕਰ ਵਿਅਕਤੀ ਜ਼ੋ਼ਰ ਲਗਾਕੇ ਉਚੀ ਬੋਲਦਾ ਹੈ ਤਾਂ ਉਸ ਨੂੰ ਵੀ ਮਾਹਿਰ ਡਾਕਟਰ ਤੋ ਚੈਕਅਪ ਕਰਵਾਉਣਾ ਚਾਹੀਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਕੰਨ ਵਿੱਚ ਫੋੜਾ-ਫਿਨਸੀ, ਦਰਦ, ਪੀਕ, ਮੈਲ, ਤੇਜ਼ ਅਵਾਜ਼ ਆਦਿ ਮੁਸਕਿਲ ਹੋਵੇ ਤਾਂ ਕਿਸੇ ਨੀਮ ਹਕੀਮ ਤੋ ਦਵਾਈ ਨਹੀ ਲੈਣੀ ਚਾਹੀਦੀ ਨਾ ਹੀ ਬਡਜ਼ ਆਦਿ ਨਾਲ ਖਾਰਸ਼ ਕਰਨੀ ਚਾਹੀਦੀ ਹੈ ਸਗੋ ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ਮੌਕੇ ਐਸ.ਐਮ.ਓ. ਡਾ ਹਰਿੰਦਰ ਸਿੰਘ, ਐਸ.ਐਮ.ਓ. ਡਾ.ਦੀਪਕਾ ਗੋਇਲ ਅਤੇ ਜਿਲ੍ਹਾ ਮਾਸ ਮੀਡੀਆਂ ਟੀਮ ਵੀ ਮੌਜੂਦ ਸੀ।