
- ਸੈਂਕੜੇ ਲੋਕਾਂ ਨੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਦਿੱਤੀ ਅੰਤਿਮ ਵਿਦਾਇਗੀ
- ਸੂਝਵਾਨ ਆਗੂ ਭਾਗ ਸਿੰਘ ਕੁਰੜ ਦੇ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ-ਮਨਜੀਤ ਧਨੇਰ
ਮਹਿਲਕਲਾਂ 6 ਮਾਰਚ (ਭੁਪਿੰਦਰ ਸਿੰਘ ਧਨੇਰ) : ਕਿਸਾਨ ਸੰਘਰਸ਼ਾਂ ਵਿੱਚ ਅਗਵਾਨੂੰ ਭੂਮਿਕਾ ਨਿਭਾਉਣ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜ਼ਿਲ੍ਹਾ ਆਗੂ ਭਾਗ ਸਿੰਘ ਕੁਰੜ ਕੁੱਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਸੰਗਰਾਮੀ ਕਾਫ਼ਲੇ ਤੋਂ ਵਿਛੜ ਗਏ। ਸਾਥੀ ਭਾਗ ਸਿੰਘ ਕੁਰੜ ਨੂੰ ਅੰਤਿਮ ਵਿਦਾਇਗੀ ਦੇਣ ਲਈ ਸੈਂਕੜੇ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਆਗੂ/ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਸਮੇਂ ਸੰਗਰਾਮੀ ਕਾਫ਼ਲੇ ਵਿੱਚੋਂ ਵਿੱਛੜੇ ਸਾਥੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਭਾਕਿਯੂ ਏਕਤਾ-ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਭਾਗ ਸਿੰਘ ਕੁਰੜ ਜਵਾਨ ਅਵਸਥਾ ਤੋਂ ਹੀ ਲੋਕ ਸੰਗਰਾਮਾਂ ਨਾਲ ਜੁੜ ਗਏ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਵਿੱਚ ਵੀ ਉਨ੍ਹਾਂ ਤਿੰਨ ਦਹਾਕੇ ਤੋਂ ਵੱਧ ਬਲਾਕ/ਜ਼ਿਲ੍ਹਾ ਪੱਧਰ ਦੇ ਆਗੂ ਦੇ ਰੂਪ ਵਿੱਚ ਵਡੇਰੀ ਜ਼ਿੰਮੇਵਾਰੀ ਨਿਭਾਈ। ਕਿਸਾਨੀ ਸੰਘਰਸ਼ਾਂ ਵਿੱਚ ਬਹੁਤ ਵਾਰ ਜੇਲ੍ਹ ਯਾਤਰਾ ਕੀਤੀ। ਇਸ ਸਮੇਂ ਸੰਖੇਪ ਆਪਣੇ ਸੰਖੇਪ ਸੰਬੋਧਨ ਵਿੱਚ ਭਾਕਿਯੂ ਏਕਤਾ -ਡਕੌਂਦਾ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਸਾਥੀ ਭਾਗ ਸਿੰਘ ਕੁਰੜ ਨੇ ਤਾਉਮਰ ਇੱਕ ਸੂਝਵਾਨ ਚੇਤੰਨ ਆਗੂ ਵਜੋਂ ਭੂਮਿਕਾ ਨਿਭਾਈ। ਉਸ ਨੇ ਨਾ ਸਿਰਫ ਕਿਸਾਨੀ ਘੋਲਾਂ ਸਗੋਂ ਸਮਾਜਿਕ ਜ਼ਬਰ ਵਿਰੁੱਧ ਮਹਿਲਕਲਾਂ ਦੀ ਧਰਤੀ 'ਤੇ ' ਜ਼ਬਰ ਵਿਰੁੱਧ ਟਾਕਰੇ ਦੀ ਮਿਸਾਲ ' ਮਹਿਲਕਲਾਂ ਲੋਕ ਘੋਲ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਈ। ਆਗੂਆਂ ਕਿਹਾ ਕਿ ਸਾਥੀ ਭਾਗ ਸਿੰਘ ਕੁਰੜ ਦੇ ਵਿਛੋੜੇ ਨਾਲ ਪ੍ਰੀਵਾਰ ਸਮੇਤ ਜਥੇਬੰਦੀ ਨੂੰ ਵੱਡਾ ਘਾਟਾ ਪਿਆ ਹੈ। ਭਾਗ ਸਿੰਘ ਕੁਰੜ ਦੇ ਲੋਕ ਸੰਘਰਸ਼ਾਂ ਵਿੱਚ ਮਿਸਾਲੀ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸਮੇਂ ਸਤਨਾਮ ਸਿੰਘ ਮੂੰਮ, ਸੱਤਪਾਲ ਸਿੰਘ ਸਹਿਜੜਾ, ਬਲਵੀਰ ਸਿੰਘ ਮਨਾਲ, ਮਜੀਦ ਖਾਂ ਕੁਰੜ, ਸੁਖਦੇਵ ਸਿੰਘ ਕੁਰੜ, ਜੱਗਾ ਸਿੰਘ ਮਹਿਲਕਲਾਂ, ਬਲਵੀਰ ਸਿੰਘ ਮਾਂਗੇਵਾਲ, ਜਗਰੂਪ ਸਿੰਘ ਠੁੱਲੀਵਾਲ, ਭਿੰਦਰ ਕੌਰ, ਗੁਰਪਰੀਤ ਕੌਰ, ਹਰਪ੍ਰੀਤ ਕੌਰ, ਕੁਲਵੰਤ ਕੌਰ, ਗਰਚਰਨ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਕਲਾਂ ਤੋਂ ਦੁਕਾਨਦਾਰ ਯੂਨੀਅਨ ਦੇ ਆਗੂ/ਵਰਕਰ ਵੀ ਸ਼ਾਮਿਲ ਹੋਏ।