ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸਤੈਦ, ਵਿਭਾਗੀ ਟੀਮਾਂ ਪਿੰਡਾਂ ਵਿੱਚ ਤੈਨਾਤ : ਐੱਸ.ਡੀ.ਐੱਮ

ਫਾਜ਼ਿਲਕਾ 24 ਜੁਲਾਈ : ਬੀਤੇ ਦਿਨੀ ਪਈ ਬਾਰਿਸ ਨਾਲ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਖੇਤਰ ਕਾਂਵਾਵਾਲੀ ਪੁੱਲ ਵਿੱਚ ਪਾਣੀ ਦਾ ਪੱਧਰ ਕੁੱਝ ਵਧਿਆ ਹੈ, ਜਿਸ ਨੂੰ ਦੇਖਦਿਆਂ ਸਮੂਹ ਵਿਭਾਗ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਮੁਕੰਮਲ ਰੱਖਣ ਅਤੇ ਆਪਣੀਆਂ ਡਿਊਟੀਆਂ ਵਾਲੇ ਸਥਾਨਾਂ ਤੇ ਆਪਣੀਆਂ ਟੀਮਾਂ ਸਮੇਤ ਤਾਇਨਾਤ ਰਹਿਣ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹ ਪ੍ਰਗਟਾਵਾ ਐੱਸ.ਡੀ.ਐੱਮ. ਸ੍ਰੀ. ਨਿਕਾਸ ਖੀਂਚੜ ਆਈ.ਏ.ਐੱਸ ਨੇ ਜ਼ਿਲ੍ਹੇ ਦੇ ਸਮੂਹ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ। ਐੱਸ.ਡੀ.ਐੱਮ. ਨੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਭਾਵਿਤ ਹੜ੍ਹਾਂ ਦਾ ਸਾਹਮਣਾ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਹੜ੍ਹਾਂ ਦੌਰਾਨ ਵਰਤੋਂ ਲਈ ਤਰਪਾਲਾਂ, ਜੇ.ਸੀ.ਬੀ, ਮਿੱਟੀ ਦੇ ਭਰੇ ਗੱਟੇ, ਡਾਕਟਰੀ ਟੀਮਾਂ ਤੇ ਦਵਾਈਆਂ, ਪਸ਼ੂਆਂ ਲਈ ਚਾਰੇ ਤੇ ਦਵਾਈਆਂ ਦਾ ਪ੍ਰਬੰਧ, ਦੂਰ ਸੰਚਾਰ ਵਿਵਸਥਾ ਠੀਕ ਰੱਖਣ, ਬਿਜਲੀ ਦੀ ਨਿਰਵਿਘਨ ਸਪਲਾਈ, ਰਾਸ਼ਨ ਅਤੇ ਪੀਣ ਵਾਲੇ ਪਾਣੀ ਆਦਿ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਸਤਾ ਕਲਾ ਤੇ ਮਹਾਤਮ ਨਗਰ ਆਦਿ ਥਾਵਾਂ ਤੇ ਆਸਾ ਵਰਕਰਾਂ ਨਾਲ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ। ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਤਾਇਨਾਤ ਰਹਿਣ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਪਸ਼ੂਆਂ ਦੀ ਵੈਕਸੀਨੇਸ਼ਨ ਆਦਿ ਹਰ ਤਰ੍ਹਾਂ ਦੀ ਮਦਦ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਉਣ। ਹੜ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਜਿੱਥੇ ਵੀ ਡਾਕਟਰਾਂ ਦੀ ਡਿਊਟੀ ਗਈ ਹੈ, ਉੱਥੇ ਦਵਾਈਆਂ ਦਾ ਵੀ ਪ੍ਰਬੰਧ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ, ਇਸ ਲਈ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇ। ਐੱਸ. ਡੀ.ਐੱਮ. ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜ਼ਿਲ੍ਹਾ ਵਾਸੀਆਂ ਲਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ ਜੋ ਕਿ ਕਿ ਹੜ੍ਹਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ 24 ਘੰਟੇ ਚਾਲੂ ਹੈ ਤੇ ਜ਼ਿਲ੍ਹਾ ਵਾਸੀ ਹੜ੍ਹ ਕੰਟਰੋਲ ਰੂਮ ਨੰਬਰ 01638-262153 ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤਹਿਸੀਲਦਾਰ ਫਾਜ਼ਿਲਕਾ ਗਰਸੇਵਕ ਚੰਦ, ਐਕਸੀਅਨ ਮੰਡੀ ਬੋਰਡ ਸਾਹਿਲ ਗਗਨੇਜ਼ਾ, ਐਕਸੀਅਨ ਬਿਜਲੀ ਬੋਰਡ ਰਾਜਿੰਦਰ ਕੁਮਾਰ,ਐਕਸੀਅਨ ਡਰੇਨੇਜ਼ ਅਲੋਪ ਚੌਧਰੀ, ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ ਅਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਿਮਾਂਸੂ ਕੁੱਕੜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।