20 ਕਰੋੜ ਲਾਗਤ ਵਾਲੇ ਵਿਕਾਸ ਕਾਰਜਾਂ ਨਾਲ ਬਦਲੇਗੀ ਧਨੌਲਾ ਦੀ ਨੁਹਾਰ : ਮੀਤ ਹੇਅਰ

  • ਸੰਸਦ ਮੈਂਬਰ ਨੇ ਲਾਇਬ੍ਰੇਰੀ, ਸਟੇਡੀਅਮ, ਕਮਿਊਨਿਟੀ ਸੈਂਟਰ ਸਣੇ ਦਰਜਨਾਂ ਕੰਮਾਂ ਦੇ ਰੱਖੇ ਨੀਂਹ ਪੱਥਰ
  • 1 ਕਰੋੜ ਦੀ ਲਾਗਤ ਨਾਲ ਧਨੌਲਾ ਵਿੱਚ ਬਣੇਗਾ ਇਨਡੋਰ ਸਟੇਡੀਅਮ 

ਧਨੌਲਾ, 21 ਸਤੰਬਰ 2024 : ਸਰਕਾਰ ਵਲੋਂ ਜਿੱਥੇ ਸਾਰੇ ਬਰਨਾਲੇ ਲਈ ਕਰੋੜਾਂ ਦੇ ਫੰਡ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਹਨ, ਓਥੇ ਸਿਰਫ ਧਨੌਲਾ ਵਿੱਚ ਕਰੀਬ 20 ਕਰੋੜ ਰੁਪਏ ਦੇ ਕੰਮ ਕਰਵਾਏ ਜਾਣੇ ਹਨ। ਇਹ ਪ੍ਰਗਟਾਵਾ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਧਨੌਲਾ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਧਨੌਲੇ ਦੇ ਕਰੀਬ 68 ਵੱਖ ਵੱਖ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਜਿੰਨਾਂ ਦੀ ਅੰਦਾਜ਼ਨ ਲਾਗਤ ਕਰੀਬ 20 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਕਰੀਬ 1 ਕਰੋੜ ਦੀ ਲਾਗਤ ਨਾਲ ਇਨਡੋਰ ਸਟੇਡੀਅਮ ਦੀ ਉਸਾਰੀ ਦਾ ਨੀਂਹ ਪੱਥਰ, 19 ਕਰੋੜ 47 ਲੱਖ ਦੀ ਲਾਗਤ ਨਾਲ ਗਲੀਆਂ ਵਿਚ ਇੰਟਰਲਾਕ ਟਾਈਲਾਂ, ਪਾਰਕ, ਸੀਵਰੇਜ ਆਦਿ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦਫ਼ਤਰ ਨਗਰ ਕੌਂਸਲ ਧਨੌਲਾ ਨੇੜੇ ਕਰੀਬ 25 ਲੱਖ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਲਾਇਬ੍ਰੇਰੀ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮਗਰੋਂ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਕਰੀਬ 68 ਕੰਮਾਂ ਨੇ ਨੀਂਹ ਪੱਥਰ ਰੱਖੇ ਗਏ ਹਨ, ਜਿਨ੍ਹਾਂ ਦੀ ਲਾਗਤ ਕਰੀਬ 20 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਵਿੱਚ ਲਾਇਬ੍ਰੇਰੀ, ਕਮਿਊਨਿਟੀ ਸੈਂਟਰ ਜਿੱਥੇ ਸਾਂਝੇ ਪ੍ਰੋਗਰਾਮ ਜਾਂ ਵਿਆਹ ਸਮਾਗਮ ਆਦਿ ਕਰਵਾਏ ਜਾ ਸਕਣਗੇ, ਇਨਡੋਰ ਸਟੇਡੀਅਮ, ਫਿਰਨੀ 'ਤੇ ਇੰਟਰਲਾਕ ਦਾ ਕੰਮ, ਸੀਵਰੇਜ ਆਦਿ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਧਨੌਲਾ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਓਹ ਧੰਨਵਾਦ ਕਰਦੇ ਹਨ, ਜਿਨ੍ਹਾਂ ਵਲੋਂ ਬਰਨਾਲੇ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੇ ਗੱਫੇ ਦਿੱਤੇ ਗਏ ਹਨ, ਜਿਸ ਨਾਲ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੀ ਨੁਹਾਰ ਬਦਲ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਰੋੜਾਂ ਦੀ ਲਾਗਤ ਨਾਲ ਵੱਖ ਵੱਖ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਕੰਮ ਜਲਦ ਤੋਂ ਜਲਦ ਨੇਪਰੇ ਚੜ੍ਹਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਸ੍ਰੀ ਰਾਮ ਤੀਰਥ ਮੰਨਾ, ਓ ਐੱਸ ਡੀ ਹਸਨਪ੍ਰੀਤ ਭਾਰਦਵਾਜ, ਨਗਰ ਕੌਂਸਲ ਧਨੌਲਾ ਦੀ ਪ੍ਰਧਾਨ ਰਣਜੀਤ ਕੌਰ ਸੋਢੀ, ਕਾਰਜਸਾਧਕ ਅਫਸਰ ਧਨੌਲਾ ਵਿਸ਼ਾਲਦੀਪ ਸਣੇ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।