ਫਾਜ਼ਿਲਕਾ, 11 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਪਰਾਲੀ ਦੀ ਰਹਿੰਦ—ਖੂਹੰਦ ਨੂੰ ਸਾੜਨ ਤੋਂ ਰੋਕਣ ਪ੍ਰਤੀ ਵੱਧ ਤੋਂ ਜਾਗਰੂਕਤਾ ਫੈਲਾਉਣ ਦੇ ਉਦੇਸ਼ ਸਦਕਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਪਿੰਡਾਂ ਵਿਚ ਵੱਧ ਤੋਂ ਵੱਧ ਕੈਂਪ ਲਗਾਉਣ ਤੇ ਪਰਾਲੀ ਸਾੜਨ ਦੇ ਨੂਕਸਾਨਾਂ ਬਾਰੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿਚ ਜਾ ਕੇ ਕਿਸਾਨਾ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਂ ਜ਼ੋ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨਾਂ ਬਾਰੇ ਕਿਸਾਨਾਂ ਨੂੰ ਪੂਰੀ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਜਾਗਰੂਕਤਾ ਹੀ ਇਸ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਗੰਧਲਾ ਹੁੰਦਾ ਹੀ ਹੈ ਸਗੋਂ ਜਮੀਨ ਦੀ ਉਪਜਾਉ ਸ਼ਕਤੀ *ਤੇ ਵੀ ਅਸਰ ਪੈਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਦੀ ਸਾਂਭ—ਸੰਭਾਲ ਲਈ ਸਰਕਾਰ ਵੱਲੋਂ ਖੇਤੀਬਾੜੀ ਮਸ਼ੀਨਾਂ ਸਬਸਿਡੀ *ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸਦੀ ਯੋਗ ਤਰੀਕੇ ਨਾਲ ਸੰਭਾਲ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਪਰਾਲੀ ਦਾ ਸਕਾਰਾਤਮਕ ਢੰਗ ਨਾਲ ਨਿਬੇੜਾ ਕਰਨ ਵਾਸਤੇ ਸਰਕਾਰ ਵੱਲੋਂ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜਮੀਨ ਵਿਚ ਹੀ ਵਹਾਉਣ ਲਈ ਅਗਲੇਰੀ ਫਸਲ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ. ਗੁਰਮੀਤ ਸਿੰਘ ਚੀਮਾ, ਬਲਾਕ ਖੇਤੀਬਾੜੀ ਅਫਸਰ, ਸਰਕਲ ਇੰਚਾਰਜ, ਕਲਸਟਰ ਇੰਚਾਰਜ ਅਤੇ ਹੋਰ ਖੇਤੀਬਾੜੀ ਅਧਿਕਾਰੀ ਮੌਜ਼ੂਦ ਸਨ।