ਬਾਸੀਆਂ-ਕਮਾਲਕੇ ਤੇ ਆਦਰਾਮਾਨ ਵਿਖੇ ਚੱਲ ਰਹੀਆਂ ਕਮਰਸ਼ੀਅਲ ਖੱਡਾਂ ਸਰਕਾਰ ਤੋਂ ਮੰਨਜ਼ੂਰਸ਼ੁਦਾ

  • ਸੋਸ਼ਲ ਮੀਡੀਆ ਉੱਪਰ  ਇਹਨਾਂ ਸਾਈਟਾਂ ਤੇ ਨਜਾਇਜ਼ ਮਾਈਨਿੰਗ ਦੀ ਵੀਡਿਉ ਬੇਬੁਨਿਆਦ-ਜੇ.ਈ. ਮਾਈਨਿੰਗ ਰਿਤੇਸ਼ ਕੁਮਾਰ
  • ਉਪ ਕਪਤਾਨ ਪੁਲਿਸ ਧਰਮਕੋਟ ਨਾਲ ਕੀਤਾ ਖੱਡ ਦਾ ਨਿਰੀਖਣ, ਟਰੈਕਟਰ/ਟਿੱਪਰਾਂ ਦੇ ਡਰਾਇਵਰਾਂ ਪਾਸੋਂ ਲਏ ਬਿਆਨ

ਮੋਗਾ 25 ਜੂਨ 2024 : ਸ਼ੋਸ਼ਲ ਮੀਡੀਆ ਅਤੇ ਅਲੱਗ-ਅਲੱਗ ਚੈਨਲਾਂ ਉੱਪਰ ਚੱਲ ਰਹੀ ਨਜਾਇਜ ਮਾਈਨਿੰਗ ਸਬੰਧੀ ਵੀਡੀਓ ਸੰਬੰਧੀ ਜੇ.ਈ. ਮਾਈਨਿੰਗ ਰਿਤੇਸ਼ ਕੁਮਾਰ ਅਤੇ ਉਪ ਕਪਤਾਨ ਪੁਲਿਸ ਧਰਮਕੋਟ ਵੱਲੋਂ ਦਰਿਆ ਦੇ ਬੰਧ ਅਤੇ ਖੱਡਾਂ ਦਾ ਜਾਇਜਾ ਲਿਆ। ਇਸ ਮੌਕੇ ਉਹਨਾਂ ਦੱਸਿਆ ਕਿ ਬਾਸੀਆਂ-ਕਮਾਲਕੇ ਅਤੇ ਆਦਰਾਮਾਨ ਵਿਖੇ ਕਮਰਸ਼ੀਅਲ ਸਾਈਟਾਂ ਸਰਕਾਰ ਦੀ ਮੰਨਜੂਰੀ ਨਾਲ ਚਲਾਈਆਂ ਜਾ ਰਹੀਆਂ ਹਨ। ਦਰਿਆ ਸਤਲੁਜ ਵਿੱਚ ਬਾਸੀਆਂ-ਕਮਾਲਕੇ ਖੱਡ ਦਾ ਰਕਬਾ ਕਰੀਬ 70 ਏਕੜ ਅਤੇ ਆਦਰਾਮਾਨ ਵਿਖੇ ਕਰੀਬ 127 ਏਕੜ ਵਿੱਚ ਮਾਈਨਿੰਗ ਸਬੰਧੀ ਸਰਕਾਰ ਦੀ ਮਨਜੂਰੀ ਪ੍ਰਾਪਤ ਕਮਰਸ਼ੀਅਲ ਖੱਡ ਚੱਲ ਰਹੀ ਹੈ। ਇਸ ਵਿੱਚ ਟਾਇਰ ਮਾਊਂਟਿਡ ਜੇ.ਸੀ.ਬੀ. ਮਸ਼ੀਨਾਂ ਰਾਹੀਂ ਟਰੈਕਟਰ-ਟਰਾਲੇ ਅਤੇ ਟਿੱਪਰ ਲੋਡ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਚੇਨ ਮਾਊਂਟਿਡ ਮਸ਼ੀਨਾਂ (ਪੋਕਲੇਨ) ਦੁਆਰਾ ਪੁਟਾਈ ਕਰਨੀ ਜਾਂ ਲੋਡਿੰਗ ਕਰਨ ਸਬੰਧੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਮੌਕੇ ਉੱਪਰ ਹਾਜ਼ਰ ਟਰੈਕਟਰ/ਟਿੱਪਰਾਂ ਦੇ ਡਰਾਇਵਰਾਂ ਪਾਸੋਂ ਬਿਆਨ ਲਏ ਗਏ ਜਿੰਨ੍ਹਾਂ ਦੇ ਦੱਸਣ ਮੁਤਾਬਿਕ ਇਸ ਖੱਡ ਉੱਪਰ ਪੁਟਾਈ ਕੇਵਲ ਟਾਇਰ ਮਾਊਂਟਿਡ ਜੇ.ਸੀ.ਬੀ. ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ ਅਤੇ ਚੇਨ ਮਾਊਂਟਿਡ ਮਸ਼ੀਨਾਂ (ਪੋਕਲੇਨ) ਦੁਆਰਾ ਕਦੇ ਵੀ ਪੁਟਾਈ ਜਾਂ ਲੋਡਿੰਗ ਨਹੀਂ ਕੀਤੀ ਗਈ। ਜੇ.ਈ. ਮਾਈਨਿੰਗ ਰਿਤੇਸ਼ ਕੁਮਾਰ ਅਤੇ ਉਪ ਕਪਤਾਨ ਪੁਲਿਸ ਧਰਮਕੋਟ ਨੇ ਸਾਂਝੇ ਤੌਰ ਤੇ ਦੱਸਿਆ ਕਿ ਸ਼ੋਸ਼ਲ ਮੀਡੀਆ ਉੱਪਰ ਚੱਲ ਰਹੀ ਵੀਡਿਉ ਦੀ ਲੋਕੇਸ਼ਨ ਵੀ ਆਦਰਾਮਾਨ ਖੱਡ ਨਾਲ ਮੇਲ ਨਹੀਂ ਖਾਂਦੀ ਹੈ। ਉਹਨਾਂ ਕਿਹਾ ਕਿ ਇਹ ਕਿਸੇ ਵਿਅਕਤੀ ਵੱਲੋਂ ਨਵਯੁਗ ਕੰਪਨੀ ਉੱਪਰ ਦਬਾਅ ਬਣਾਉਣ ਲਈ ਅਤੇ ਅਫਸਰਾਂ ਨੂੰ ਗੁੰਮਰਾਹ ਕਰਨ ਲਈ ਗਲਤ ਲੋਕੇਸ਼ਨ ਦੀ ਵੀਡਿਉ ਤਿਆਰ ਕਰਕੇ ਸ਼ੋਸ਼ਲ ਮੀਡੀਆ ਉੱਪਰ ਅਪਲੋਡ ਕੀਤੀ ਗਈ ਹੈ।