ਰਾਏਕੋਟ ਵਿਖੇ ਸੜਕ ਬਣਨ ਸਾਰ ਹੀ ਆਈ ਸੁਆਲਾਂ ਦੇ ਘੇਰੇ ’ਚ..

ਰਾਏਕੋਟ (ਚਰਨਜੀਤ ਸਿੰਘ ਬੱਬੂ) : ਲੰਬੇ ਸਮੇਂ ਤੋਂ ਪ੍ਰੀਮਿਕਸ ਪਾਉਣ ਦੀ ਉਡੀਕ ਕਰ ਰਹੀ ਸ਼ਹਿਰ ਦੀ ਈਦ ਮਸੀਤ ਰੋਡ ’ਤੇ ਅੱਜ ਮੰਡੀ ਬੋਰਡ ਵਲੋਂ ਸੜਕ ’ਤੇ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ਤਾਂ ਕਰਵਾ ਦਿੱਤੀ ਗਈ, ਪ੍ਰੰਤੂ ਸੜਕ ਬਣਾਉਣ ਵਿੱਚ ਠੇਕੇਦਾਰ ਵਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਇਲਾਕਾ ਨਿਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸੜਕ ਦੀ ਇੱਕ ਸਾਈਡ ’ਤੇ ਜਿੱਥੇ ਪ੍ਰੀਮਿਕਸ ਦੀ ਇੱਕ ਪਰਤ ਪਾਉਣ ਤੋਂ ਬਾਅਦ ਦੂਜੀ ਪਰਤ ਚੜ੍ਹਾਉਣ ਦੀ ਤਿਆਰੀ ਚੱਲ ਰਹੀ ਸੀ, ਉੱਥੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਨਵੀਂ ਬਣਾਈ ਗਈ ਸੜਕ ਦੇ ਹੇਠਾਂ ਪਾਣੀ  ਦੀ ਕੋਈ ਪਾਈਪ  ਦੀ ਲੀਕੇਜ ਲਗਾਤਾਰ ਹੋ ਰਹੀ ਹੈ, ਜਿਸ ਕਾਰਨ ਸੜਕ ਬਣਨ ਤੋਂ ਪਹਿਲਾਂ ਹੀ ਭੁਰਨੀ ਸ਼ੁਰੂ ਹੋ ਚੁੱਕੀ ਹੈ। ਇਹ ਮਾਮਲਾ ਜਦ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਪਾਣੀ ਦੀ ਲੀਕੇਜ ਚੈੱਕ ਕਰਵਾਉਣਗੇ। ਓਧਰ ਦੂਜੇ ਪਾਸੇ ਇਸ ਸੜਕ ’ਤੇ ਪਾਏ ਗਏ ਸੀਵਰੇਜ ਕਾਰਨ ਸੀਵਰ ਦੇ ਕਈ ਮੇਨਹੋਲ ਬਣਾਏ ਗਏ ਸਨ, ਉਨ੍ਹਾਂ ਮੇਨਹੋਲਾਂ ਦੇ ਢੱਕਣਾਂ ਨੂੰ ਬਾਹਰ ਕੱਢਣ ਦੀ ਬਜਾਏ ਪੱਥਰਾਂ ਅਤੇ ਫਿਰ ਪ੍ਰੀਮਿਕਸ ਨਾਲ ਢੱਕ ਦਿੱਤਾ ਗਿਆ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ’ਚ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ, ਕਿਉਂਕਿ ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਕੰਮ ਹੁਣ ਤੱਕ ਮੁਕੰਮਲ ਨਹੀ ਹੋ ਸਕਿਆ ਹੈ,  ਅਤੇ ਸਮੇਂ ਸਮੇਂ ’ਤੇ ਸੀਵਰ ਦੇ ਚੋਕ ਹੋਣ ਦੀ ਸਮੱਸਿਆ ਆਉਂਦੀ ਰਹਿੰਦੀ ਹੈ, ਜੇਕਰ ਇਸ ਸੜਕ ’ਤੇ ਪਾਏ ਗਏ ਸੀਵਰ ਵਿੱਚ ਚੋਕ ਦੀ ਸਮੱਸਿਆ ਪਾਈ ਗਈ ਤਾਂ ਸੜਕ ਨੂੰ ਮੁੜ ਤੋਂ ਪੁੱਟਣਾਂ ਹੋਵੇਗਾ, ਜਿਸ ਨਾਲ ਸੜਕ ਦੀ ਮਿਆਦ ਘਟੇਗੀ। ਇਸ ਸਬੰਧੀ ਜਦ ਮੰਡੀ ਬੋਰਡ ਦੇ ਐਸ.ਡੀ.ਓ ਜਤਿਨ ਸਿੰਗਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਲਾਂਕਿ ਸੀਵਰ ਦੇ ਢੱਕਣ ਬਾਹਰ ਕੱਢਣ ਦਾ ਕੰਮ ਉਨ੍ਹਾਂ ਦੇ ਵਿਭਾਗ ਦਾ ਨਹੀ ਹੈ, ਪ੍ਰੰਤੂ ਫਿਰ ਵੀ ਉਨ੍ਹਾਂ ਵਲੋਂ ਇਸ ਨੂੰ ਧਿਆਨ ਵਿੱਚ ਰੱਖ ਕੇ ਮੇਨਹੋਲਾਂ ਦੇ ਢੱਕਣਾ ਦੀ ਨਿਸ਼ਾਨਦੇਹੀ ਕਰਵਾ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਘਾਟ ਨੂੰ ਦੇਖਦੇ ਹੋਏ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਜਰੂਰੀ ਸੀ। ਲੇਕਿਨ ਸੜਕ ਦੀ ਉਸਾਰੀ ਪੂਰੀ ਹੋਣ ਉਪਰੰਤ ਸੀਵਰੇਜ ਦੇ ਸਾਰੇ ਢੱਕਣ ਬਾਹਰ ਕੱਢ ਕੇ ਇਕ ਲੈਵਲ ਵਿੱਚ ਕਰ ਦਿੱਤੇ ਜਾਣਗੇ।