ਮੈਂਬਰ, ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਸਕੂਲਾਂ ਤੇ ਰਾਸ਼ਨ ਡਿਪੂਆਂ ਦੀ ਚੈਕਿੰਗ

  • ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ
  • ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਵੀ ਕੀਤੀ; ਤਸੱਲੀ ਪ੍ਰਗਟਾਈ 

ਫ਼ਤਹਿਗੜ੍ਹ ਸਾਹਿਬ, 04 ਜੁਲਾਈ 2024 : ਸ਼੍ਰੀਮਤੀ ਪ੍ਰੀਤੀ ਚਾਵਲਾ, ਮੈਂਬਰ, ਪੰਜਾਬ ਰਾਜ ਫੂਡ ਕਮਿਸ਼ਨ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਦੌਰਾ ਕਰਦਿਆਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਨੇ ਐਲੀਮੈਂਟਰੀ ਸਕੂਲ ਚੁੰਨੀ ਖੁਰਦ, ਸਰਕਾਰੀ ਐਲੀਮੈਂਟਰੀ ਸੁਪਰ ਸਮਾਰਟ ਸਕੂਲ, ਖੇੜਾ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਚੁੰਨੀ ਕਲਾਂ, ਸਰਕਾਰੀ ਐਲੀਮੈਂਟਰੀ ਸੈਲਫ ਸਮਾਰਟ ਸਕੂਲ, ਸਰਕਪੜਾ, ਸਰਕਾਰੀ ਐਲੀਮੈਂਟਰੀ ਸਕੂਲ, ਬਹਿਲਾ ਖਾਨਪੁਰ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਬਡਾਲੀ ਆਲਾ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਡਾਲੀ ਆਲਾ ਸਿੰਘ, ਰਾਸ਼ਨ ਡਿਪੂ ਬਡਾਲੀ ਆਲਾ ਸਿੰਘ ਅਤੇ ਰਾਸ਼ਨ ਡਿਪੂ ਚੁੰਨੀ ਖੁਰਦ ਦੀ ਚੈਕਿੰਗ ਕੀਤੀ। ਸ਼੍ਰੀਮਤੀ ਚਾਵਲਾ ਨੇ ਸਕੂਲਾਂ ਵਿੱਚ ਤਿਆਰ ਕੀਤੇ ਗਏ ਮਿਡ ਡੇਅ ਮੀਲ ਦਾ ਜਾਇਜ਼ਾ ਲਿਆ ਤੇ ਇਸ ਸਬੰਧੀ ਤਸੱਲੀ ਪ੍ਰਗਟਾਈ। ਉਹਨਾਂ ਨੇ ਕਈ ਸਕੂਲਾਂ ਦੇ ਬੁਨਿਆਦੀ ਢਾਂਚੇ ਸਬੰਧੀ ਦਿੱਕਤਾਂ ਦੂਰ ਕਰਨ ਲਈ ਵੀ ਕਿਹਾ। ਇਸ ਮੌਕੇ ਉਹਨਾਂ ਨੇ ਹਦਾਇਤ ਕੀਤੀ ਕਿ ਮਿਡ ਮੀਲ ਤਿਆਰ ਕਰਨ ਵਾਲਾ ਅਮਲਾ ਸਾਫ ਸਫਾਈ ਦਾ ਹਮੇਸ਼ਾ ਉਚੇਚਾ ਧਿਆਨ ਰੱਖੇ ਤੇ ਇਸ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਰਾਸ਼ਨ ਡਿਪੂਆਂ ਦੀ ਚੈਕਿੰਗ ਦੌਰਾਨ ਉਹਨਾਂ ਨੇ ਈ-ਪੌਸ ਮਸ਼ੀਨਾਂ ਤੇ ਸਟੋਰੇਜ ਸਬੰਧੀ ਪੜਤਾਲ ਕੀਤੀ ਤੇ ਸਭ ਕੁਝ ਠੀਕ ਠਾਕ ਪਾਇਆ ਗਿਆ। ਮੈਂਬਰ, ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਆਂਗਣਵਾੜੀ ਸੈਂਟਰਾਂ ਦੀ ਚੈਕਿੰਗ ਵੀ ਕੀਤੀ ਗਈ ਤੇ ਇਸ ਦੌਰਾਨ ਉਹਨਾਂ ਨੇ ਸੈਂਟਰਾਂ ਦੇ ਰਜਿਸਟਰਾਂ ਨੂੰ ਵਾਚਿਆ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।  ਇਸ ਮੌਕੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।