
ਰਾਏਕੋਟ, 08 ਮਾਰਚ 2025 : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਜਥੇਬੰਦੀ ਆ ਦੇ ਸਹਿਯੋਗ ਨਾਲ ਪੰਜਾਬ ਦੀਆਂ ਸਰਹੱਦਾਂ ਤੇ ਪਿਛਲੇ ਇੱਕ ਸਾਲ ਤੋਂ ਕੇਂਦਰ ਸਰਕਾਰ ਤੋਂ ਅੰਦੋਲਨ 2020 ਦੌਰਾਨ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਆਪਣੀਆਂ ਮੰਗਾਂ ਦੇ ਹੱਲ ਪ੍ਰਤੀ ਮੀਟਿੰਗ ਕੀਤੀ ਗਈ ਸੀ। ਪਰ ਉਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਤੇ ਆਗੂਆਂ ਨੂੰ ਮੰਗਾਂ ਸਬੰਧੀ ਕੋਈ ਤਸੱਲੀ ਬਖਸ਼ ਜਵਾਬ ਦੇਣ ਦੀ ਬਜਾਏ ਕਿਸਾਨਾਂ ਨੂੰ ਟਿੱਚ ਸਮਝਦਿਆਂ ਮੀਟਿੰਗ ਨੂੰ ਅੱਧ ਵਿਚਕਾਰ ਛੱਡ ਕੇ ਚਲੇ ਗਏ ਸਨ। ਉਸ ਤੋਂ ਬਾਅਦ ਸਾਰੇ ਪੰਜਾਬ ਵਿੱਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰ ਵੀ ਲਿਆ। ਜਿਸ ਕਰਕੇ ਕਿਸਾਨ ਜਥੇਬੰਦੀਆਂ ਚ ਸੂਬਾ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਮਾਰਚ ਨੂੰ ਇੱਕ ਸੰਘਰਸ਼ ਉਲੀਕਿਆ ਗਿਆ ਹੈ। ਜਿਸ ਦੌਰਾਨ ਪੰਜਾਬ ਭਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੀਆਂ ਤਿਆਰੀਆਂ ਸਬੰਧੀ ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਹਰਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਦਸ ਮਾਰਚ ਦੇ ਸੰਘਰਸ਼ ਦੀ ਸਫਲਤਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਸਾਂਝੀ ਸੰਘਰਸ਼ ਤਹਿਤ 10 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਰਾਏਕੋਟ ਤੋਂ ਵਿਧਾਇਕ ਠੇਕੇਦਾਰ ਹਾਕਮ ਸਿੰਘ, ਹਲਕਾ ਜਗਰਾਉਂ ਤੋਂ ਬੀਬੀ ਸਵਰਨਜੀਤ ਕੌਰ ਮਾਣੂਕੇ, ਹਲਕਾ ਗਿੱਲ, ਹਲਕਾ ਪਾਇਲ, ਹਲਕਾ ਸਮਰਾਲਾ, ਹਲਕਾ ਖੰਨਾ, ਹਲਕਾ ਸਾਹਨੇਵਾਲ ਦੇ ਵਿਧਾਇਕਾਂ ਦੇ ਘਰਾਂ/ਦਫਤਰਾਂ ਦਾ ਸਵੇਰੇ 10 ਵਜੇ ਤੋਂ ਦੁਪਹਿਰ ਦੇ 3 ਵਜੇ ਤੱਕ ਘਿਰਾਉ ਕੀਤਾ ਜਾਵੇਗਾ। ਜਿਸ ਦੇ ਸਬੰਧ ਵਿੱਚ ਆਗੂਆਂ ਵੱਲੋਂ ਜਥੇਬੰਦੀ ਦੇ ਮੈਂਬਰਾਂ ਦੀਆਂ ਵੱਖੋ ਵੱਖ ਡਿਊਟੀਆਂ ਲਗਾ ਕੇ ਸੰਘਰਸ਼ ਸਬੰਧੀ ਲਾਮਬੰਦੀ ਕੀਤੀ ਗਈ। ਇਸ ਮੌਕੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਗੁਰਦੀਪ ਸਿੰਘ ਕਲਸੀ, ਸਵਿੰਦਰ ਸਿੰਘ ਤਲਵੰਡੀ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਬੀਕੇਯੂ ਡਕੌਦਾ ਬੁਰਜ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸੂਬਾ ਮੀਤ ਪ੍ਰਧਾਨ ਰਾਜਬੀਰ ਸਿੰਘ, ਬਲਵਿੰਦਰ ਸਿੰਘ, ਬੀਕੇਯੂ ਰਾਜੇਵਾਲ ਬਲਾਕ ਰਾਏਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਗੋਦਵਾਲ, ਕੁਲ ਹਿੰਦ ਕਿਸਾਨ ਸਭਾ ਦੇ ਚਮਕੌਰ ਸਿੰਘ ਬਰਮੀ, ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਗਿੱਲ, ਬੀਕੇਯੂ ਲੱਖੋਵਾਲ ਦੇ ਬਲਵਿੰਦਰ ਸਿੰਘ ਢਿੱਲੋ, ਕਮਲਜੀਤ ਸਿੰਘ ਰੂਪਾਪਤੀ ਆਦਿ ਹਾਜ਼ਰ ਸਨ।