ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਨੇ 9,46,700 ਦੀ ਨਕਦੀ, ਸੋਨਾ ਅਤੇ ਚਾਂਦੀ  ਕੀਤੀ ਬਰਾਮਦ

ਫਾਜ਼ਿਲਕਾ, 14 ਅਪ੍ਰੈਲ : ਡਾ. ਪ੍ਰਗਿਆ ਜੈਨ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਮਿਲਕੇ ਜੁਆਇੰਟ ਓਪਰੇਸ਼ਨ ਤਹਿਤ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਏਰੀਆ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਕਿ ਸਰਹੱਦ ਪਾਰ ਤੋਂ ਚਲਾਈ ਜਾਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਨਾਕਾਮ ਬਣਾਇਆ ਜਾ ਸਕੇ। ਇਸ ਓਪਰੇਸ਼ਨ ਤਹਿਤ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਵਿਖੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ। ਇਹ ਨਸ਼ਾ ਤਸਕਰ ਆਪਣੀ ਰਿਹਾਇਸ਼ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਸ਼ੱਕ ਤਹਿਤ ਕਾਬੂ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ, ਫੜੇ ਗਏ ਵਿਅਕਤੀ ਨੇ ਪਿੰਡ ਮੁਹਾਰ ਜਮਸ਼ੇਰ ਵਿੱਚ ਇੱਕ ਗੁਪਤ ਟਿਕਾਣੇ ਬਾਰੇ ਅਹਿਮ ਜਾਣਕਾਰੀਆਂ ਦਾ ਖੁਲਾਸਾ ਕੀਤਾ, ਜਿੱਥੋਂ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਨੇ ਸਫਲਤਾ ਪੂਰਵਕ 9,46,700 ₹/- ਰੁਪਏ ਦੀ ਨਕਦੀ (ਡਰੱਗ ਮਨੀ), 71.84 ਗ੍ਰਾਮ ਸੋਨਾ ਅਤੇ 109 ਗ੍ਰਾਮ ਚਾਂਦੀ ਬਰਾਮਦ ਕੀਤੀ ਗਈ ਹੈ। ਕਾਬੂ ਕੀਤੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਦੋਸ਼ੀ ਪਾਸੋਂ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਸਰਹੱਦੀ ਏਰੀਆ ਵਿੱਚ ਸੰਯੁਕਤ ਆਪ੍ਰੇਸ਼ਨ ਚਲਾਏ ਜਾਣਗੇ। ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ ਪੰਜਾਬ ਵਿੱਚੋਂ ਨਸ਼ਿਆਂ ਦੀ ਤਸਕਰੀ ਦੇ ਖਾਤਮੇ ਲਈ ਪੂਰੀ ਵਚਨਬੱਧ ਹੈ।