ਕਪੂਰਥਲਾ, 17 ਅਗਸਤ 2024 : ਕਪੂਰਥਲਾ ਦੇ ਨਜ਼ਦੀਕ ਪਿੰਡ ਭਗਵਾਨਪੁਰ ‘ਚ ਬੀਤੇ ਕੱਲ੍ਹ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਪਹਿਰ ਦੇ ਤਕਰੀਬਨ 3 ਵਜੇ ਇਕ ਵਿਅਕਤੀ ਨੇ ਗੁਰਦੁਆਰਾ ਸਾਹਿਬ ‘ਚ ਦਾਖਿਲ ਹੋ ਕੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ ‘ਤੇ ਇਲਜ਼ਾਮ ਲੱਗੇ ਹਨ ਕਿ ਉਸ ਦੁਆਰਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਨੁਕਸਾਨ ਪਹੁੰਚਿਆ ਗਿਆ ਅਤੇ ਹੋਰ ਸਮਾਨ ਦੀ ਵੀ ਬੇਅਦਬੀ ਕੀਤੀ ਗਈ ਹੈ। ਮੌਕੇ ‘ਤੇ ਗ੍ਰੰਥੀ ਸਿੰਘ ਵਲੋਂ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਅਤੇ ਉਸਦਾ ਕੁਟਾਪਾ ਕੀਤਾ ਗਿਆ। ਇਸਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋ ਫੜੇ ਗਏ ਵਿਅਕਤੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਫੜੇ ਗਏ ਵਿਅਕਤੀ ਦੀ ਪਛਾਣ ਹਰਦੇਵ ਸਿੰਘ ਵਾਸੀ ਡੋਗਰਾਵਾਲ ਕਪੂਰਥਲਾ ਦੇ ਤੌਰ ‘ਤੇ ਹੋਈ ਹੈ। ਦੋਸ਼ੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਵਿਰੋਧ ‘ਚ ਇਲਾਕੇ ਦੇ ਲੋਕਾਂ ਨੇ ਹਸਪਤਾਲ ਅੱਗੇ ਧਰਨਾ ਲਗਾਇਆ ਹੈ ਅਤੇ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ । ਸੰਬੰਧਿਤ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ ਬਣਦੀਆਂ ਧਰਾਵਾਂ ਲਗਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।