ਤਲਵੰਡੀ ਰਾਏ ’ਚ ਬੀਕੇਯੂ ਇਕਾਈ ਦੀ ਕੀਤੀ ਚੋਣ, ਜਗਰਾਜ ਰਾਜੂ ਨੂੰ ਬਣੇ ਪ੍ਰਧਾਨ

ਰਾਏਕੋਟ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਤਲਵੰਡੀ ਰਾਏ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਬਲਾਕ ਰਾਏਕੋਟ ਦੇ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ, ਇਕਾਈ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਕਿਸਾਨਾਂ ਨੂੰ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਅਤੇ ਜਸਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ, ਨਕਲੀ ਕੀਟਨਾਸ਼ਕਾਂ ਅਤੇ ਗੜ੍ਹੇਮਾਰੀ-ਮੀਂਹਾਂ ਨਾਲ ਕਿਸਾਨਾਂ ਦੀ ਫਸਲ ਨਾਲ ਖਰਾਬ ਹੋਈ ਫਸਲ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ, ਪਰਾਲੀ ਸਾਂਭਣ ਲਈ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਜ਼ਬੂਰੀ ਕਾਰਨ ਪਰਾਲੀ ਸਾੜਨੀ ਪੈਂਦੀ ਹੈ, ਪਰ ਸਰਕਾਰ ਵੱਲੋਂ ਉਸਦਾ ਕੋਈ ਠੋਸ ਹੱਲ ਕਰਨ ਦੀ ਬਜਾਏ ਕਿਸਾਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਬੰਦ ਕੀਤਾ ਜਾਵੇ। ਪ੍ਰਧਾਨ ਭੁੱਲਰ ਨੇ ਕਿਹਾ ਕਿ ਝੋਨੇ ਦੀ ਫਸਲ ਦੇ ਬਦਲਾਓ ਲਈ ਹੋਰਨਾਂ ਫਸਲਾਂ ਜਿਵੇਂ ਕਿ ਮੱਕੀ, ਮੂੰਗੀ, ਗੁਆਰਾ, ਬਾਸਮਤੀ ਆਦਿ ਤੇ ਐਮਐਸਪੀ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਦਿੱਤਾ ਜਾਵੇ ਅਤੇ ਬਿਨ੍ਹਾ ਸ਼ਰਤ ਖ੍ਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਲੰਪੀ ਬਿਮਾਰੀ ਕਾਰਨ ਮਰੇ ਪਸ਼ੂਆਂ ਦਾ ਵੀ ਪਸ਼ੂ ਪਾਲਕਾਂ ਨੂੰ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਬੀਕੇਯੂ (ਸਿੱਧੂਪੁਰ) ਇਕਾਈ ਪਿੰਡ ਤਲਵੰਡੀ ਰਾਏ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਰਬਸੰਮਤੀ ਨਾਲ ਜਗਰਾਜ ਸਿੰਘ ਰਾਜੂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ 11 ਮੈਂਬਰੀ ਕਮੇਟੀ ਦੀ ਵੀ ਚੋਣ ਕੀਤੀ ਗਈ। ਇਸ ਮੌਕੇ ਨਵਨਿਯੁਕਤ ਪ੍ਰਧਾਨ ਜੁਗਰਾਜ ਸਿੰਘ ਰਾਜੂ ਨੂੰ ਪ੍ਰਧਾਨ ਗੁਰਮਿੰਦਰ ਸਿੰਘ ਭੁੱਲਰ, ਪ੍ਰਧਾਨ ਜਸਪ੍ਰੀਤ ਸਿੰਘ, ਮੁੱਖ ਬੁਲਾਰਾ ਨਰਿੰਦਰ ਸਿੰਘ ਲਾਡੀ, ਕੁਲਜਿੰਦਰ ਸਿੰਘ (ਪ੍ਰਿੰਸ ਗਰੇਵਾਲ) ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤੇਜਪਾਲ ਸਿੰਘ ਸਹੌਲੀ, ਪ੍ਰਭਜੋਤ ਸਿੰਘ, ਬਲਵਿੰਦਰ ਸਿੰਘ ਸ਼ੀਲੋਆਣੀ, ਸੁਰਿੰਦਰ ਸਿੰਘ, ਜਗਦੀਸ਼ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ, ਗਗਨਦੀਪ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
--------------