- ਸਿੱਖਿਆ ਤੇ ਸਿਹਤ ਮਾਨ ਸਰਕਾਰ ਦੀ ਪਹਿਲੀ ਤਰਜੀਹ : ਕੈਬਨਿਟ ਮੰਤਰੀ
- ਸੂਚਨਾ ਤੇ ਲੋਕ ਸੰਪਰਕ ਮੰਤਰੀ ਵੱਲੋਂ ਜੀਵਨ ਜੋਤੀ ਸਪੈਸ਼ਲ ਸਕੂਲ ਦੇ ਸਾਲਾਨਾ ਸਮਾਗਮ 'ਚ ਸ਼ਿਰਕਤ
ਨਾਭਾ, 4 ਮਾਰਚ 2023 : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗਾਂ ਦੇ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਵਿਸ਼ੇਸ਼ ਲੋੜਾਂ ਵਾਲਿਆਂ ਬੱਚਿਆਂ ਨੂੰ ਸਮਾਜ ਦੀ ਮੁੱਖਧਾਰਾ 'ਚ ਲਿਆਉਣ ਲਈ ਸਕੂਲਾਂ ਦਾ ਵੱਡਾ ਯੋਗਦਾਨ ਹੈ। ਉਹ ਅੱਜ ਨਾਭਾ ਵਿਖੇ ਜੀਵਨ ਜੋਤੀ ਸਪੈਸ਼ਲ ਸਕੂਲ ਵੱਲੋਂ ਕਰਵਾਏ ਗਏ ਸਾਲਾਨਾ ਸਮਾਗਮ 'ਚ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਦਾਨ ਕਰਵਾਉਣਾ ਇੱਕ ਸੇਵਾ ਹੈ ਤੇ ਜੀਵਨ ਜੋਤੀ ਸਪੈਸ਼ਲ ਸਕੂਲ ਵੱਲੋਂ ਕੀਤੀ ਜਾ ਰਹੀ ਸੇਵਾ ਲਾਮਿਸਾਲ ਹੈ। ਉਨ੍ਹਾਂ ਸਮੂਹ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਰੱਬ ਦਾ ਰੂਪ ਹਨ ਤੇ ਇਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ 'ਚ ਲਿਆਉਣਾ ਇੱਕ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਸਰਕਾਰਾਂ ਦੀ ਜਿੰਮੇਵਾਰੀ ਹੁੰਦੀ ਹੈ ਪਰ ਪਿਛਲੀਆਂ ਸਰਕਾਰਾਂ ਸਮੇਂ ਇਨ੍ਹਾਂ ਦੋਵੇਂ ਮਹੱਤਵਪੂਰਣ ਖੇਤਰਾਂ ਨੂੰ ਅਣਗੌਲਿਆ ਗਿਆ ਜਿਸ ਕਾਰਨ ਜੀਵਨ ਜੋਤੀ ਸਪੈਸ਼ਲ ਸਕੂਲ ਵਰਗੀਆਂ ਸੰਸਥਾਵਾਂ ਅੱਗੇ ਆਈਆਂ ਹਨ ਤੇ ਅਜਿਹੀ ਸੇਵਾ ਦਾ ਕੰਮ ਸ਼ੁਰੂ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲ ਨੂੰ ਜੋ ਵੀ ਪੰਜਾਬ ਸਰਕਾਰ ਵੱਲੋਂ ਮਦਦ ਦੀ ਜ਼ਰੂਰਤ ਹੋਵੇਗੀ ਉਹ ਪਹਿਲ ਦੇ ਆਧਾਰ 'ਤੇ ਪੂਰੀ ਕੀਤੀ ਜਾਵੇਗੀ। ਨਵੀਂ ਤੇ ਨਵਿਆਉਣਯੋਗ ਊਰਜਾ ਤੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਪੁੱਛੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 11 ਮਹੀਨਿਆਂ ਤੋਂ 24 ਘੰਟੇ ਕੰਮ ਕਰਕੇ ਪੰਜਾਬ ਦੀ ਸੇਵਾ ਕਰ ਰਹੇ ਹਨ ਤਾਂ ਜੋ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣ ਸਕੇ। ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ 'ਚ ਕਿਹਾ ਕਿ ਪੰਜਾਬ 'ਚ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਜੀਵਨ ਜੋਤੀ ਸਪੈਸ਼ਲ ਸਕੂਲ ਵੱਲੋਂ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੇ ਸਕੂਲਾਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ। ਇਸ ਮੌਕੇ ਐਮ.ਡੀ. ਮਲਕੀਤ ਕੰਬਾਇਨ ਚਰਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ 'ਚ ਸ਼ਾਮਲ ਹੋਏ ਅਤੇ ਉਨ੍ਹਾਂ ਤੋਂ ਇਲਾਵਾ ਸਬਿਨਾ ਅਰੋੜਾ, ਨਗਾ ਡੌਂਗ, ਸੰਦੀਪ ਬਾਂਸਲ, ਗਿਆਨ ਸਿੰਘ ਮੰਗੂ, ਇੰਦਰਜੀਤ ਸਿੰਘ ਸਾਹਨੀ, ਅਸ਼ੋਕ ਗੋਇਲ, ਸ਼ੁਸੀਲ ਮਿੱਤਲ, ਜਗਮੋਹਨ ਲਾਲ, ਅਸ਼ੋਕ ਜਿੰਦਲ, ਅਮਨ ਗੁਪਤਾ, ਓਮ ਪ੍ਰਕਾਸ਼ ਗਰਗ, ਵਿਕਾਸ ਸਿੰਗਲਾ, ਨਰੇਸ਼ ਸਿੰਗਲਾ, ਗੌਰਵ ਗਰਗ, ਆਸ਼ਿਸ਼, ਨਰਿੰਦਰ ਸਿੰਗਲਾ, ਸੰਜੇ ਸਿੰਗਲਾ, ਰਮਨ ਸਿੰਗਲਾ ਵੀ ਮੌਜੂਦ ਸਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਕੀਤੀ।