ਭਗਵੰਤ ਸਿੰਘ ਮਾਨ ਨੇ ਪੈਰਾ ਓਲੰਪਿਕ ਖੇਡਾਂ ਪੈਰਿਸ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

  • ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰੇਕ ਪੈਰਾ ਓਲੰਪਿਕ ਖਿਡਾਰੀ ਨੂੰ 15 ਲੱਖ ਰੁਪਏ ਤਿਆਰੀ ਲਈ ਦਿੱਤੇ

ਜੈਤੋ, 19 ਅਗਸਤ 2024 : ਪੈਰਾ ਓਲੰਪਿਕ ਖੇਡਾਂ ਪੈਰਿਸ ਵਿੱਚ 28 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ਉਹਨਾਂ ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ 3 ਖਿਡਾਰੀਆਂ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ 15-15 ਲੱਖ ਰੁਪਏ ਦੀ ਰਾਸ਼ੀ ਖੇਡਾਂ ਦੀ ਤਿਆਰੀ ਲਈ ਖਿਡਾਰੀਆਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ, ਪੈਰਾ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ 15-15 ਲੱਖ ਰੁਪਏ ਹੋਰ, ਗੋਲਡ ਮੈਡਲ ਜੇਤੂ ਨੂੰ 3 ਕਰੋੜ ਰੁਪਏ, ਸਿਲਵਰ ਮੈਡਲ ਜੇਤੂ ਨੂੰ 2 ਕਰੋੜ ਰੁਪਏ ਅਤੇ ਤਾਂਬੇ ਦੇ ਮੈਡਲ ਜੇਤੂ ਨੂੰ 1 ਕਰੋੜ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਖਜਾਨਚੀ ਸ਼ਮਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਕਿ ਤੀਜੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਨਾਲ ਪੈਰਾਂ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾਈਆਂ ਜਾਣ। ਇਸ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਮੌਕੇ ਤੇ ਹੀ ਮੰਨਦੇ ਹੋਏ ਵਾਅਦਾ ਕੀਤਾ ਕਿ ਇਸ ਵਾਰ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵੀ ਕਰਵਾਈਆਂ ਜਾਣਗੀਆਂ। ਪੀ ਪੀ ਐਸ ਏ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਰਾ ਓਲੰਪਿਕ ਖੇਡਾਂ ਪੈਰਿਸ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਤਿੰਨ ਖਿਡਾਰੀ ਮੁਹੰਮਦ ਯਾਸਿਰ ਕੈਟਾਗਰੀ ਐੱਫ 46 ਸ਼ਾਟਪੁੱਟ ਲਈ, ਪਲਕ ਕੋਹਲੀ ਪੈਰਾ ਬੈਡਮਿੰਟਨ ਲਈ ਅਤੇ ਪਰਮਜੀਤ ਕੁਮਾਰ 49 ਕਿਲੋ ਭਾਰ ਵਰਗ ਵਿੱਚ ਪੈਰਾ ਪਾਵਰ ਲਿਫਟਿੰਗ ਲਈ ਅਤੇ ਇਹਨਾਂ ਦੇ ਨਾਲ ਦੋ ਆਫੀਸ਼ੀਅਲ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਸ਼ਮਿੰਦਰ ਸਿੰਘ ਢਿੱਲੋ ਵੀ ਪੈਰਾਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਪੈਰਿਸ ਵਿਖੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੇ ਪੈਰਾ ਖਿਡਾਰੀ ਮੁਹੰਮਦ ਯਾਸਿਰ, ਪਰਮਜੀਤ ਕੁਮਾਰ ਅਤੇ ਪਲਕ ਕੋਹਲੀ ਨੂੰ 15-15 ਲੱਖ ਰੁਪਏ ਦੀ ਨਕਦ ਰਾਸ਼ੀ ਵੰਡ ਕੇ ਸਨਮਾਨਿਤ ਕੀਤਾ ਅਤੇ ਮੈਡਲ ਜਿੱਤ ਕੇ ਆਉਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਦੱਸਿਆ ਕਿ ਓਲੰਪਿਕ ਖੇਡਾਂ ਤੋਂ ਬਾਅਦ ਪੈਰਿਸ ਵਿਖੇ ਹੀ 28 ਅਗਸਤ ਤੋਂ 8 ਸਤੰਬਰ 2024 ਤੱਕ "ਪੈਰਾਲੰਪਿਕ ਖੇਡਾਂ" ਹੋ ਰਹੀਆਂ ਹਨ ਜਿਸ ਵਿੱਚ ਸਾਡੇ ਭਾਰਤ ਦੇ 84 ਖਿਡਾਰੀ 12 ਖੇਡਾਂ ਵਿੱਚ ਸ਼ਿਰਕਤ ਕਰਨਗੇ। ਗੌਰਤਲਬ ਹੈ ਕਿ ਪਿਛਲੀਆਂ "ਪੈਰਾਲੰਪਿਕ ਖੇਡਾਂ" ਜੋ ਕਿ ਟੋਕਿਉ ਵਿਖੇ ਹੋਈਆਂ ਸਨ ਵਿੱਚ ਸਾਡੇ ਦੇਸ਼ ਦੇ 54 ਖਿਡਾਰੀਆਂ ਨੇ 19 ਤਗਮੇ ਜਿੱਤ ਕੇ ਤਗਮਾ ਸੂਚੀ ਵਿੱਚ 22ਵਾਂ ਸਥਾਨ ਮੱਲਿਆ ਸੀ। ਇਸ ਮੌਕੇ ਚਰਨਜੀਤ ਸਿੰਘ ਬਰਾੜ, ਦਵਿੰਦਰ ਸਿੰਘ ਟਫੀ ਬਰਾੜ, ਡਾਕਟਰ ਰਮਨਦੀਪ ਸਿੰਘ, ਜਗਰੂਪ ਸਿੰਘ ਸੂਬਾ ਬਰਾੜ, ਗੁਰਪ੍ਰੀਤ ਸਿੰਘ ਧਾਲੀਵਾਲ, ਜਸਇੰਦਰ ਸਿੰਘ ਢਿੱਲੋਂ, ਅਮਨਦੀਪ ਸਿੰਘ ਬਰਾੜ ਆਦਿ ਨੇ ਵੀ ਪੰਜਾਬ ਦੇ ਪੈਰਾ ਓਲੰਪਿਕ ਖਿਡਾਰੀਆਂ ਨੂੰ ਮੈਡਲ ਜਿੱਤ ਕੇ ਆਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ।