
ਸ੍ਰੀ ਫ਼ਤਹਿਗੜ੍ਹ ਸਾਹਿਬ, 12 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਵਿਖੇ ਵਾਟਰ ਟੈਸਟਿੰਗ ਕੈਂਪ ਲਗਾਇਆ ਗਿਆ ਜਿਸ ਵਿਚ ਬੀ.ਐਸ.ਸੀ. ਭਾਗ ਤੀਸਰਾ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਕੈਂਪ ਦੌਰਾਨ ਪਿੰਡ ਤੋਂ ਇਕੱਠੇ ਕੀਤੇ ਗਏ ਪਾਣੀ ਦੇ ਵੱਖ-ਵੱਖ ਨਮੂਨਿਆਂ ਦੀ ਗੁਣਵੱਤਾ ਦੀ ਮੌਕੇ 'ਤੇ ਜਾਂਚ ਕੀਤੀ ਗਈ ਅਤੇ ਇਕੱਤਰ ਕੀਤੇ ਗਏ ਪਾਣੀ ਦੇ ਨਮੂਨਿਆਂ ਲਈ ਪੀ ਐੱਚ, ਟੋਟਲ ਡਿੱਸੌਲਵਡ ਸੌਲਿਡਸ, ਕਲੋਰਾਈਡ ਅਤੇ ਕਠੋਰਤਾ ਵਰਗੇ ਵੱਖ-ਵੱਖ ਮਾਪਦੰਡਾਂ ਦੀ ਜਾਂਚ ਕੀਤੀ ਗਈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਿੱਖਿਆ ਭਰਪੂਰ ਕੈਂਪ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਵਿਹਾਰਕ ਵਿਕਾਸ ਵਿਚ ਸਹਾਇਕ ਸਿੱਧ ਹੁੰਦੇ ਹਨ। ਟੈਸਟਿੰਗ ਕੈਂਪ ਦੀ ਕਨਵੀਨਰ ਡਾ. ਸਿੰਮੀ ਗੋਇਲ ਵੱਲੋਂ ਵਿਦਿਆਰਥੀਆਂ ਨੂੰ ਪਾਣੀ ਦੀ ਜਾਂਚ ਦੌਰਾਨ ਸਹਿਯੋਗ ਦਿੱਤਾ ਗਿਆ ਅਤੇ ਸਥਾਨਕ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਗੁਣਵੱਤਾ ਅਤੇ ਦੂਸ਼ਿਤ ਪਾਣੀ ਕਾਰਨ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਨ੍ਹਾਂ ਸਾਰੇ ਪੈਰਾਮੀਟਰਾਂ ਲਈ ਸਟੈਂਡਰਡ ਪ੍ਰੋਟੋਕੋਲ ਅਤੇ ਵਾਟਰ ਟੈਸਟਿੰਗ ਕਿੱਟਾਂ ਦੀ ਵਰਤੋਂ ਕੀਤੀ ਗਈ।