ਲੁਧਿਆਣਾ, 12 ਜਨਵਰੀ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਪਿੰਡ, ਮੁਸ਼ਕਾਬਾਦ (ਸਮਰਾਲਾ) ਵਿਖੇ ਡੇਅਰੀ ਖੇਤਰ ਸੰਬੰਧੀ ਕਿਸਾਨ ਉਤਪਾਦਕ ਸੰਗਠਨ ਸਥਾਪਿਤ ਕਰਨ ਹਿਤ ਜਾਗੂਰਕਤਾ ਅਤੇ ਪ੍ਰੇਰਨਾ ਪ੍ਰੋਗਰਾਮ ਕਰਵਾਇਆ ਗਿਆ। ਯੂਨੀਵਰਸਿਟੀ ਵਲੋਂ ਨਾਬਾਰਡ ਬੈਂਕ ਕੋਲੋਂ ਵਿਤੀ ਸਹਾਇਤਾ ਪ੍ਰਾਪਤ ਇਸ ਪ੍ਰਾਜੈਕਟ ਸੰਬੰਧੀ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਅਧੀਨ ਇਹ ਯਤਨ ਆਰੰਭਿਆ ਗਿਆ। ਇਸ ਪ੍ਰੋਗਰਾਮ ਵਿਚ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਅਤੇ ਬੈਂਕ ਅਧਿਕਾਰੀਆਂ ਨੇ ਹਿੱਸਾ ਲਿਆ। ਡਾ. ਰਾਜੇਸ਼ ਕਸਰੀਜਾ, ਮੁੱਖ ਨਿਰੀਖਕ ਨੇ ਡੇਅਰੀ ਕਿਸਾਨਾਂ ਲਈ ਇਸ ਸੰਗਠਨ ਦੀ ਸਮਾਜਿਕ ਆਰਥਿਕ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਦੁੱਧ ਉਤਪਾਦਕਾਂ ਨੂੰ ਆਪਣੇ ਉਤਪਾਦ ਦੀ ਮੰਡੀਕਾਰੀ ਲਈ ਵਿਚੋਲਿਆਂ ਨੂੰ ਵਿਚ ਲਿਆਉਣ ਦੀ ਲੋੜ ਨਹੀਂ ਰਹੇਗੀ। ਇਸ ਨਾਲ ਕਿਸਾਨ ਨੂੰ ਸਿੱਧੇ ਤੌਰ ’ਤੇ ਆਰਥਿਕ ਮੁਨਾਫ਼ਾ ਮਿਲੇਗਾ। ਕਿਸਾਨ ਕੋਲ ਆਪਣੇ ਉਤਪਾਦ ਦੀ ਸਹੀ ਕੀਮਤ ਲੈਣ ਲਈ ਨਾਪਤੋਲ ਕਰਨ ਦੀ ਪੂਰੀ ਸੰਭਾਵਨਾ ਰਹੇਗੀ। ਨਾਬਾਰਡ ਬੈਂਕ ਦੇ ਪ੍ਰਬੰਧਕੀ ਅਧਿਕਾਰੀ ਸ਼੍ਰੀ ਸੰਜੀਵ ਕੁਮਾਰ ਨੇ ਇਸ ਮੌਕੇ ਬੈਂਕ ਵਲੋਂ ਕਿਸਾਨਾਂ ਦੀ ਭਲਾਈ ਹਿਤ ਚਲਾਈਆਂ ਜਾ ਰਹੀਆਂ ਹੋਰ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਅਮਨਦੀਪ ਸਿੰਘ, ਸਹਿ-ਨਿਰੀਖਕ ਨੇ ਦੱਸਿਆ ਕਿ ਕਿਸਾਨਾਂ ਨੂੰ ਅਜਿਹੇ ਸੰਗਠਨ ਤਿਆਰ ਕਰਨੇ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਗਠਨ ਦੇ ਮੈਂਬਰ ਬਣ ਕੇ ਕਿਸਾਨਾਂ ਦੀ ਮੰਡੀ ਤਕ ਨੇੜੇ ਦੀ ਪਹੁੰਚ ਹੋ ਜਾਂਦੀ ਹੈ ਅਤੇ ਉਹ ਆਪਣੇ ਉਤਪਾਦ ਦੀ ਸਹੀ ਅਤੇ ਸਮੇਂ ਸਿਰ ਕੀਮਤ ਲੈ ਸਕਦਾ ਹੈ। ਉਨ੍ਹਾਂ ਨੇ ਡੇਅਰੀ ਖੇਤਰ ਵਿਚ ਮਿਲਣ ਵਾਲੇ ਹੋਰ ਫਾਇਦਿਆਂ ਬਾਰੇ ਵੀ ਚਰਚਾ ਕੀਤੀ।