ਸਹਾਇਕ ਕਮਿਸ਼ਨਰ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਕੰਮਾਂ ਦੀ ਕੀਤੀ ਸਮੀਖਿਆ

  • ਜ਼ਿਲ੍ਹਾ ਪੱਧਰੀ ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਕਮੇਟੀ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਨੂੰ ਓ.ਡੀ.ਐਫ. ਪਲਸ ਮਾਡਲ ਘੋਸ਼ਿਤ ਕਰਨ ਲਈ ਕਰੀਬ 6 ਕਰੋੜ 50 ਲੱਖ ਰੁਪਏ ਦੀ ਯੋਜਨਾਵਾਂ ਮਨਜ਼ੂਰ
  • ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਜ਼ਿਲ੍ਹੇ 'ਚ 268 ਨਿੱਜੀ ਪਖਾਨੇ, 62 ਪਿੰਡ 'ਚ ਸਾਂਝੇ ਪਖਾਨੇ, ਠੋਸ ਅਤੇ ਤਰਲ ਕਚਰੇ ਦੇ ਪ੍ਰਬੰਧਨ ਲਈ ਪ੍ਰੋਜੈਕਟ ਉਲੀਕੇ ਗਏ

ਮਾਲੇਰਕੋਟਲਾ 26 ਨਵੰਬਰ 2024 : ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਦੀ ਪ੍ਰਧਾਨਗੀ ਹੇਠ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਫੇਸ-2) ਅਧੀਨ ਵੱਖ-ਵੱਖ ਸਕੀਮਾਂ ਦੀ ਪ੍ਰਵਾਨਗੀ ਸਬੰਧੀ ਜ਼ਿਲ੍ਹਾ ਪੱਧਰੀ ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਕਮੇਟੀ ਦੀ ਮੀਟਿੰਗ ਹੋਈ । ਇਸ ਮੌਕੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜ.ਗੁਰਵਿੰਦਰ ਸਿੰਘ ਢੀਂਡਸਾ ਨੇ ਜ਼ਿਲ੍ਹੇ ਨੂੰ ਓ.ਡੀ.ਐਫ.ਪਲਸ ਮਾਡਲ ਘੋਸ਼ਿਤ ਕਰਨ ਲਈ ਕਰੀਬ 6 ਕਰੋੜ 50 ਲੱਖ ਰੁਪਏ ਦੀ ਉਲੀਕੇ  ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪਿੰਡਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ, ਪੇਂਡੂ ਵਿਕਾਸ ਵਿਭਾਗ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਜ਼ਿਲ੍ਹੇ ਵਿਚ ਹੋਣ ਵਾਲੇ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਦੇ ਪਿੰਡਾਂ ਨੂੰ ਓ.ਡੀ.ਐਫ. ਪਲਸ ਮਾਡਲ ਘੋਸ਼ਿਤ ਕੀਤਾ ਜਾ ਸਕੇ। ਉਨ੍ਹਾਂ ਕੰਮਾਂ ਦੀ ਸਮੀਖਿਆ ਕਰਦਿਆਂ ਵਿਭਾਗ ਵੱਲੋਂ ਵਿੱਤੀ ਸਾਲ 2024-25 ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਖ ਵੱਖ ਵਿਭਾਗਾਂ ਦੇ ਤਾਲਮੇਲ ਨਾਲ ਪਿੰਡਾਂ ਲਈ ਉਲੀਕੇ ਲੋਕ ਭਲਾਈ ਦੇ ਕੰਮ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਨੂੰ ਤਰਜੀਹ ਦੇਣ ਤਾਂ ਜੋ ਜ਼ਿਲ੍ਹੇ ਦੇ ਪਿੰਡਾਂ ਨੂੰ ਸਵੱਛ ਪਿੰਡ ਬਣਾਇਆ ਜਾ ਸਕੇ। ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਜ.ਗੁਰਵਿੰਦਰ ਸਿੰਘ ਢੀਂਡਸਾ ਨੇ ਡੀ.ਡਬਲਿਊ. ਐਸ.ਐਮ. ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਜ਼ਿਲ੍ਹੇ'ਚ 268 ਨਿੱਜੀ ਪਖਾਨੇ ਬਣਾਉਣ ਲਈ ਲਾਭਪਾਤਰੀਆਂ ਦੀ ਪਹਿਚਾਣ ਕੀਤੀ ਗਈ ਹੈ ਜੋ ਕਿ ਕਰੀਬ 40 ਲੱਖ 20 ਹਜ਼ਾਰ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ । ਉਨ੍ਹਾਂ ਦੱਸਿਆ ਕਿ ਹਰੇਕ ਲਾਭਪਾਤਰੀ  ਨੂੰ 15000 ਰੁਪਏ ਦੀ ਵਿੱਤੀ ਮਦਦ ਆਪਣੇ ਘਰ ਵਿਚ ਪਖਾਨਾ ਬਣਾਉਣ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 62 ਪਿੰਡ ਕਮਿਊਨਿਟੀ ਸੈਨੀਟਰੀ ਕੰਪਲੈਕਸ (ਸਾਂਝੇ ਪਖਾਨੇ) ਕਰੀਬ ਇੱਕ  ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ । ਉਨ੍ਹਾਂ ਹੋਰ ਦੱਸਿਆ ਕਿ ਪਿੰਡ ਕਮਿਊਨਿਟੀ ਸੈਨੀਟਰੀ ਕੰਪਲੈਕਸ ਦੇ ਨਿਰਮਾਣ ਤੇ ਤਿੰਨ ਲੱਖ ਦਾ ਖ਼ਰਚ ਪ੍ਰਤੀ ਪਖਾਨਾ ਖ਼ਰਚ ਆਉਂਦਾ ਹੈ, ਜਿਸ ਵਿਚੋਂ 2 ਲੱਖ 10 ਹਜ਼ਾਰ ਰੁਪਏ ਸਵੱਛ ਭਾਰਤ ਮਿਸ਼ਨ ਤਹਿਤ ਵਿਭਾਗ ਵੱਲੋਂ ਅਤੇ ਬਾਕੀ ਰਹਿੰਦੇ 90 ਹਜ਼ਾਰ ਰੁਪਏ 15ਵੇਂ ਵਿੱਤ ਕਮਿਸ਼ਨ ਗਰਾਂਟ ਵਿੱਚੋਂ ਮੁਹੱਈਆ ਕਰਵਾਏ ਜਾਣਗੇ ਹਨ। ਇੰਜ.ਗੁਰਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਕਰੀਬ 01 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਠੋਸ ਕਚਰੇ ਦੇ ਪ੍ਰਬੰਧਨ ਪ੍ਰੋਜੈਕਟ ਉਲੀਕੇ ਗਏ ਹਨ । ਇਸੇ ਤਰ੍ਹਾਂ ਤਰਲ ਕਚਰਾ ਪ੍ਰਬੰਧਨ ਲਈ ਵੀ ਜ਼ਿਲ੍ਹੇ ਦੇ 94 ਪਿੰਡਾਂ ਲਈ 03 ਕਰੋੜ 59 ਲੱਖ ਰੁਪਏ ਸਰਕਾਰ ਨੇ ਦਿੱਤੇ ਹਨ। ਉਨ੍ਹਾਂ ਹੋਰ ਦੱਸਿਆ ਕਿ ਕੁਦਰਤੀ ਸਰੋਤਾ ਨੂੰ ਸੁਰੱਖਿਅਤ ਕਰਨ ਲਈ ਬਲਾਕ ਪੱਧਰ ਤੇ ਪਲਾਸਟਿਕ ਕਚਰੇ ਦੇ ਯੋਗ ਪ੍ਰਬੰਧਨ ਲਈ ਬਲਾਕ ਪੱਧਰ ਤੇ ਪਲਾਸਟਿਕ ਕੂੜਾ ਪ੍ਰਬੰਧਨ ਪ੍ਰੋਜੈਕਟ ਲਗਾਏ ਜਾ ਰਹੇ ਹਨ। ਮਾਲੇਰਕੋਟਲਾ ਬਲਾਕ ਦੇ ਪਿੰਡ ਦਸੋਧਾ ਸਿੰਘ ਵਾਲਾ ਵਿਖੇ ਕਰੀਬ 14 ਲੱਖ 65 ਹਜ਼ਾਰ ਰੁਪਏ ਦੀ ਲਾਗਤ ਨਾਲ ਪਲਾਸਟਿਕ ਕੂੜਾ ਪ੍ਰਬੰਧਨ ਪ੍ਰੋਜੈਕਟ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਰਿੰਪੀ ਗਰਗ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ, ਮੈਡੀਕਲ ਅਫ਼ਸਰ ਡਾ. ਵਾਟਿਕਾ ਕਪੂਰ,ਖੇਤੀਬਾੜੀ ਅਫ਼ਸਰ ਕੁਲਬੀਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਹਿਮਦਗੜ੍ਹ ਗੁਰਮੀਤ ਸਿੰਘ, ਐਸ.ਡੀ.ਓ. ਇੰਜ. ਰਾਹੁਲ ਸ਼ਰਮਾ , ਉਪ ਮੰਡਲ ਇੰਜੀਨੀਅਰ ਲਵੀਸ਼ ਜੈਨ, ਉਪ ਮੰਡਲ ਇੰਜੀਨੀਅਰ ਸਤਿੰਦਰਪਾਲ ਸਿੰਘ ਅਤੇ ਜੂਨੀਅਰ ਇੰਜੀਨੀਅਰ ਜਿੰਮੀ ਖਾਨ , ਸੁਖਦੀਪ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ।