ਪੁਲਿਸ ਵੱਲੋਂ 8 ਤੋਂ 11 ਅਕਤੂਬਰ ਤੱਕ ਲਗਵਾਇਆ ਜਾਵੇਗਾ ਪੁਸਤਕ ਮੇਲਾ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦੇ ਮਕਸ਼ਦ ਨਾਲ ਪੰਜਾਬ ਪੁਲਿਸ (ਦਿਹਾਤੀ) ਵੱਲੋਂ 8 ਤੋਂ 11 ਅਕਤੂਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਹਿਸੀਲ ਰੋਡ ਜਗਰਾਉਂ ਵਿਖੇ ਚਾਰ ਰੋਜਾ ਇੱਕ ਪੁਸ਼ਤਕ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਲੁਧਿਆਣਾ ਰੇਂਜ ਦੇ ਆਈ.ਜੀ ਐਸ.ਪੀ.ਐਸ ਪਰਮਾਰ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਪੁਸਤਕਾਂ ਸਾਨੂੰ ਦੁੱਖ ਵਿੱਚ ਸਹਾਏ ਦਾ ਅਤੇ ਦੁੱਖ ਵਿੱਚ ਆਰਾਮ ਦਾ ਅਹਿਸਾਸ ਕਰਵਾਉਂਦੀਆਂ ਹਨ. ਸੰਘਰਸ਼ੀ, ਸਿਰੜੀ ਤੇ ਸਫਲ ਇਨਸਾਲਾਂ ਦੀਆਂ ਜੀਵਨੀਆਂ ਢਹਿ ਢੇਰੀ ਹੋ ਚੁੱਕੇ ਇਨਸਾਨਾਂ ਵਿੱਚ ਜੋਸ਼, ਜ਼ਜ਼ਬਾ ਤੇ ਜਨੂੰਨ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕ ਖਾਸਕਰ ਨੌਜਵਾਨ ਕਿਤਾਬਾਂ ਤੋਂ ਦੂਰ ਹੋ ਗਏ ਹਨ, ਲੋਕਾਂ ਤੇ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਦੇ ਮਕਸ਼ਦ ਨਾਲ ਪੁਲਿਸ ਵੱਲੋਂ ਇਹ ਕਿਤਾਬ ਮੇਲਾ ਲਗਵਾਇਆ ਜਾ ਰਿਹਾ ਹੈ। ਜਿਸ ਵਿੱਚ ਕਵਿਤਾਵਾਂ, ਨਾਟਕਾਂ, ਕਹਾਣੀਆਂ ਅਤੇ ਨਾਵਲ ਸਮੇਤ ਹੋਰ ਗਿਆਨ ਦੀਆਂ ਕਿਤਾਬਾਂ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਸਾਰੇ ਪਬਲਿਸ਼ਰਾਂ ਨੂੰ ਇਹ ਹਿਦਾਇਤ ਦੇ ਦਿੱਤੀ ਗਈ ਹੈ ਕਿ ਕੋਈ ਵੀ ਪਬਲੀਸ਼ਰ ਕਿਸੇ ਵੀ ਧਰਮ ਭੜਕਾਊ ਜਾਂ ਅਸ਼ਲੀਲ ਸਾਹਿਤ ਵਾਲੀਆਂ ਕਿਤਾਬਾਂ ਨੂੰ ਮੇਲੇ ਵਿੱਚ ਨਹੀਂ ਰੱਖੇਗਾ। ਇਸ ਤੋਂ ਇਲਾਵਾ ਇੱਕ ਮੰਚ ‘ਤੇ ਨਾਟਕ ਅਤੇ ਕਵੀ ਦਰਬਾਰ ਵੀ ਅੱਲਗ-ਅੱਲਗ ਦਿਨਾਂ ਵਿਚ ਲਗਾਏ ਜਾਣਗੇ।