- ਇਕ ਸਾਲ ਵਿਚ ਪੰਜੇ ਪੁੱਲ ਬਣ ਕੇ ਤਿਆਰ ਹੋ ਜਾਣਗੇ
- ਮੋਬਾਈਲ ਟਾਵਰਾਂ ਲਗਵਾਉਣ ਸਬੰਧੀ ਨਿੱਜੀ ਕੰਪਨੀਆਂ ਨਾਲ ਕੀਤੀ ਜਾਵੇਗੀ ਗੱਲ
ਨਵਾਂ ਗਾਓਂ, 15 ਮਾਰਚ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਪੰਜਾਬ ਅਤੇ ਹਿਮਾਚਲ ਨੂੰ ਆਪਸ ਵਿਚ ਜੋੜਨ ਵਾਲੇ ਪੰਜ ਪੁੱਲਾਂ ਅਤੇ ਅਪਰੋਚਾਂ ਦੀ ਉਸਾਰੀ ਸਬੰਧੀ ਨੀਂਹ ਪੱਥਰ ਰੱਖਿਆ ਗਿਆ। ਇਹ ਪੁੱਲ 11.22 ਕਰੋੜ ਦੀ ਲਾਗਤ ਨਾਲ ਨਵਾਂ ਗਾਓਂ -ਕਾਨ੍ਹੇ ਕਾ ਬਾੜਾ, ਟਾਂਡਾ-ਕਰੋਰਾ ਅਤੇ ਪਿੰਜੌਰ ਵਿਖੇ ਉਸਾਰੇ ਜਾਣਗੇ। ਇਨ੍ਹਾਂ ਪੁਲਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਅਧੀਨ ਇਸ ਖੇਤਰ ਵਿਚ ਪੁੱਲਾਂ ਦੀ ਘਾਟ ਕਾਰਨ ਬਰਸਾਤ ਦੇ ਮੌਸਮ ਵਿਚ ਇਹ ਇਲਾਕਾ ਪੂਰੀ ਤਰ੍ਹਾਂ ਬਾਕੀ ਜ਼ਿਲ੍ਹੇ ਨਾਲੋਂ ਕੱਟ ਜਾਂਦਾ ਸੀ ਜਿਸ ਕਾਰਨ ਸਥਾਨਕ ਲੋਕਾਂ ਨੂੰ ਜਿੱਥੇ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਥੇ ਹੀ ਪ੍ਰਸ਼ਾਸਨ ਨੂੰ ਵੀ ਸਥਿਤੀ ਨਾਲ ਨਜਿੱਠਣ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਸੀ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਨੇ ਇਸ ਇਲਾਕੇ ਦੇ ਵਿਕਾਸ ਬਾਰੇ ਕਦੀ ਸੋਚਿਆ ਹੀ ਨਹੀਂ ਜਿਸ ਕਾਰਨ ਸੂਬੇ ਦੀ ਰਾਜਧਾਨੀ ਦੇ ਕੋਲ ਹੋਣ ਦੇ ਬਾਵਜੂਦ ਵੀ ਇਹ ਇਲਾਕਾ ਪਛੜ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਪੁੱਲ ਪਹਿਲਾਂ ਬਣ ਜਾਂਦਾ ਤਾਂ ਸੈਰ ਸਪਾਟਾ ਉਦਯੋਗ ਸਦਕਾ ਹੀ ਇਹ ਨੀਮ ਪਹਾੜੀ ਇਲਾਕਾ ਖੁਸ਼ਹਾਲ ਹੋ ਜਾਣਾ ਸੀ। ਉਨ੍ਹਾਂ ਕਿਹਾ ਲੋਕਾਂ ਨੂੰ ਬੁੱਧੂ ਬਨਾਉਣ ਦੇ ਮਕਸਦ ਨਾਲ ਪਿਛਲੀਆਂ ਸਰਕਾਰਾਂ ਨੇ ਇਸ ਇਲਾਕੇ ਵਿੱਚ ਪੁੱਲ ਬਨਾਉਣ ਦੇ ਝੂਠੇ ਲਾਰੇ ਲਗਾਏ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੇ ਮਕਸਦ ਬਹੁਤ ਘੱਟ ਬਜਟ ਰੱਖ ਕੇ ਪੁੱਲ ਬਨਾਉਣ ਲਈ ਟੈਂਡਰ ਲਗਾਏ ਗਏ ਪ੍ਰੰਤੂ ਇਹ ਟੈਂਡਰ ਲੈਣ ਕਿਸੇ ਠੇਕੇਦਾਰ ਨੇ ਦਿਲਚਸਪੀ ਨਹੀਂ ਦਿਖਾਈ। ਜਦੋਂ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਤਾਂ ਮੈਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਉ. ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਸਬੰਧੀ ਬੇਨਤੀ ਕੀਤੀ ਜਿਸ ਨੂੰ ਉਨ੍ਹਾਂ ਤੁਰੰਤ ਸਵੀਕਾਰ ਕਰਦਿਆਂ ਇਨ੍ਹਾਂ ਪੁੱਲਾਂ ਦੀ ਉਸਾਰੀ ਸਬੰਧੀ ਫਾਈਲ ਮੰਗਵਾ ਕੇ ਉਸ ਵਿਚ ਸੋਧ ਕਰਵਾ ਕੇ ਟੈਂਡਰ ਲਗਵਾਇਆ ਗਿਆ ਜਿਸ ਤੋਂ ਬਾਅਦ 14 ਮਾਰਚ 2024 ਨੂੰ ਟੈਂਡਰ ਖੁਲ ਗਿਆ ਸੀ ਅਤੇ ਕੰਮ ਅਲਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੰਜ ਪੁੱਲ ਇਕ ਸਾਲ ਵਿਚ ਬਣ ਕੇ ਤਿਆਰ ਹੋ ਜਾਣਗੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਮੋਬਾਇਲ ਨੈਟਵਰਕ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਉਹ ਮੋਬਾਇਲ ਨੈਟਵਰਕ ਮੁੱਹਈਆ ਕਰਵਾਉਣ ਵਾਲੀਆਂ ਕੰਪਨੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆਂ ਨੂੰ ਵੀ ਜਲਦ ਦੂਰ ਕਰਨਗੇ।