ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਲੂਮਨੀ ਮੀਟ ਧੂਮ ਧੜੱਕੇ ਨਾਲ ਮੁਕੰਮਲ

ਲੁਧਿਆਣਾ 9 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਸਥਾਪਿਤ ਸੀਨੀਅਰ ਸੈਕੰਡਰੀ ਸਕੂਲ ਦੀ ਚੌਥੀ ਅਲੂਮਨੀ ਮੀਟ ਬੜੇ ਧੂਮ ਧੜੱਕੇ ਨਾਲ ਮੁਕੰਮਲ ਹੋਈ। ਇਸ ਅਲੂਮਨੀ ਮੀਟ ਵਿਚ 300 ਤੋਂ ਵੱਧ ਸਾਬਕਾ ਅਤੇ ਅਜੋਕੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਅਲੂਮਨੀ ਮੀਟ ਦੇ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਬਾਘਾ ਪੁਰਾਣਾ ਦੇ ਐੱਸ ਡੀ ਐੱਮ ਸ. ਹਰਕੰਵਲਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਮਿਲਣੀ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸ. ਅਜੈਪਾਲ ਸਿੰਘ ਪੂਨੀਆਂ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਭਾਰਤ ਮੁਲਕ ਤੋਂ ਇਲਾਵਾ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਆਦਿ ਦੇਸ਼ਾਂ ਤੋਂ ਵੀ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਏ ਹਨ। ਉਹਨਾਂ ਦੱਸਿਆ ਕਿ ਅਲੂਮਨੀ ਮੀਟ ਦੌਰਾਨ ਖੇਡਾਂ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮੌਜੂਦਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਵਾਇਤੀ ਰੁੱਖਾਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਵਿਦਿਆਰਥੀਆਂ ਕੋਲੋਂ ਸੰਕਲਪ ਲਿਆ ਗਿਆ ਕਿ ਇਹਨਾਂ ਰੁੱਖਾਂ ਦੀ ਦੇਖਭਾਲ ਉਹ ਖੁਦ ਕਰਨਗੇ। ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਓਲੰਪੀਅਨ ਸ. ਹਰਦੀਪ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਦੀ ਇਹ ਚੌਥੀ ਮਿਲਣੀ ਹੈ। ਇਸ ਮਿਲਣੀ ਦੌਰਾਨ ਕੈਨੇਡਾ ਤੋਂ ਰਣਦੀਪ ਸੰਧੂ, ਅਮਰੀਕਾ ਤੋਂ ਹਰਦੀਪ ਸਿੰਘ, ਸੰਯਕੁਤ ਖੇਤੀ ਮਾਡਲ ਤਿਆਰ ਕਰਨ ਵਾਲੇ ਡਾ. ਸੋਹਨ ਸਿੰਘ ਵਾਲੀਆ, ਅਮਰੀਕਾ ਤੋਂ ਗੂਗਲ ਕੰਪਨੀ ਦੀ ਰਵਿੰਦਰ ਕੌਰ, ਰਾਜੇਸ਼ ਕੁਮਾਰ ਸ਼ਾਹੀ, ਐੱਸ ਡੀ ਐੱਮ ਹਰਕੰਵਲਜੀਤ ਸਿੰਘ ਅਤੇ ਸੰਜੀਵ ਪ੍ਰਭਾਕਰ ਨੂੰ ਚੰਗੇਰੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਗੋਸਲ ਨੇ ਦੱਸਿਆ ਕਿ ਉਹਨਾਂ ਦਾ ਯੂਨੀਵਰਸਿਟੀ ਵਿਚ ਦਾਖਲਾ ਵੀ ਸਾਲ 1972 ਤੋਂ ਹੈ ਅਤੇ ਇਸ ਸਕੂਲ ਦੀ ਬੁਨਿਆਦ 1970 ਵਿਚ ਰੱਖੀ ਗਈ। ਸ਼ਹਿਰ ਤੋਂ ਬਾਹਰ ਇਸ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਇਹ ਮਹਿਸੂਸ ਕੀਤਾ ਗਿਆ ਕਿ ਯੂਨੀਵਰਸਿਟੀ ਦੇ ਅਧਿਆਪਕਾ ਅਤੇ ਕਰਮਚਾਰੀਆਂ ਦੇ ਬੱਚਿਆਂ ਲਈ ਇਕ ਚੰਗਾ ਸਕੂਲ ਵੀ ਕੈਂਪਸ ਵਿਚ ਖੋਲਿਆ ਜਾਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੀਆਂ ਖੇਡਾਂ, ਵਿਗਿਆਨਕ ਸੋਚਾਂ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਇਸ ਸਕੂਲ ਦੇ ਸਾਬਕਾ ਵਿਦਿਆਰਥੀਆਂ ਲਈ ਇਕ ਪਨੀਰੀ ਵਜੋਂ ਕੰਮ ਕੀਤਾ ਹੈ ਅਤੇ ਆਪਣੇ ਸਕੂਲ ਦੇ ਨਾਲ ਇਸ ਯੂਨੀਵਰਸਿਟੀ ਦਾ ਨਾਮ ਵੀ ਸਿਖਰਾਂ ਤੇ ਲੈ ਕੇ ਗਏ ਹਨ। ਉਹਨਾਂ ਕਿਹਾ ਕਿ ਇਸ ਸਮੇਂ ਸਕੂਲ ਦੇ ਸਾਬਕਾ ਵਿਦਿਆਰਥੀ ਪੂਰੀ ਦੁਨੀਆਂ ਵਿਚ ਸੱਭਿਆਚਾਰ, ਖੇਡਾਂ ਅਤੇ ਗਿਆਨ ਨੂੰ ਪ੍ਰਫੁੱਲਤ ਕਰਨ ਦੇ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸ ਸਮੇਂ ਵਿਸ਼ੇਸ਼ ਤੌਰ ਤੇ ਕੌਮਾਂਤਰੀ ਐਵਾਰਡ ਜੇਤੂ ਅਧਿਆਪਕ ਸ਼੍ਰੀ ਹਜ਼ੂਰਸ਼ਰਨ ਬੇਦੀ, ਮੈਡਮ ਗੁਰਚਰਨ ਕੌਰ, ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਕੌਰ, ਅਧਿਆਪਕ ਪੁਰਸ਼ੋਤਮ ਲਾਲ, ਅਧਿਆਪਕ ਜਗਦੀਪ ਸਿੰਘ, ਅਧਿਆਪਕ ਪਰਮਜੀਤ ਕੌਰ, ਅਧਿਆਪਕ ਗੁਰਵਿੰਦਰ ਕੌਰ ਮੌਜੂਦਾ ਅਧਿਆਪਕ ਅਤੇ ਵਿਦਿਆਰਥੀ ਆਦਿ ਸ਼ਾਮਿਲ ਸਨ। ਇਸ ਮੌਕੇ ਵਿਸ਼ੇਸ਼ਕਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਯੂਨਵਿਰਸਿਟੀ ਵਿਚ ਸੇਵਾਵਾਂ ਨਿਭਾ ਰਹੇ 100 ਤੋਂ ਵੱਧ ਅਧਿਆਪਕ ਅਤੇ ਕਰਮਚਾਰੀ ਸ਼ਾਮਿਲ ਸਨ।