ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ-2024 ਲਈ ਸਾਰੀਆਂ ਤਿਆਰੀਆਂ ਮੁਕੰਮਲ- ਵਿਨੀਤ ਕੁਮਾਰ

  • ਪੰਚਾਇਤੀ ਚੋਣਾਂ ਲਈ ਜ਼ਿਲ੍ਹੇ ਵਿੱਚ ਕੁੱਲ 10210 ਨਵੇਂ ਵੋਟਰ

ਫ਼ਰੀਦਕੋਟ 27 ਸਤੰਬਰ,2024 : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ-2024 ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਸ਼ੁਰੂ ਹੋ ਕੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗੀ । 28 ਸਤੰਬਰ ਨੂੰ ਛੁੱਟੀ ਹੋਣ ਕਾਰਨ ਕੋਈ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ।  ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 4 ਅਕਤੂਬਰ, 2024 ਹੋਵੇਗੀ । ਕਾਗਜ਼ਾਂ ਦੀ ਪੜਤਾਲ 5 ਅਕਤੂਬਰ, 2024 ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 7 ਅਕਤੂਬਰ, 2024 ਨੂੰ ਸ਼ਾਮ 3 ਵਜੇ ਤੱਕ ਹੋਵੇਗੀ।  ਉਸ ਤੋਂ ਬਾਅਦ, ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਅਤੇ 15 ਅਕਤੂਬਰ, 2024 ਨੂੰ ਸਵੇਰੇ 8:00 ਤੋਂ 4:00 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਵੋਟਿੰਗ ਕਰਨ ਦਾ ਸਮਾਂ ਤੈਅ ਕੀਤਾ ਗਿਆ ਹੈ । ਵੋਟਾਂ ਦੀ ਗਿਣਤੀ, ਮਤਦਾਨ ਹੋਣ ਤੋਂ ਬਾਅਦ ਉਸੇ ਦਿਨ ਕੀਤੀ ਜਾਵੇਗੀ । ਸਰਪੰਚ ਲਈ ਉਮੀਦਵਾਰ ਦੇ ਚੋਣ ਖਰਚੇ ਦੀ ਸੀਮਾ 40,000 ਅਤੇ ਪੰਚ ਲਈ 30,000 ਰੁਪਏ ਤੱਕ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਤਿੰਨ ਬਲਾਕਾਂ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੋਟਰਾਂ ਲਈ ਸਾਰੀਆਂ ਲੋੜੀਂਦੀਆਂ ਘੱਟੋ-ਘੱਟ ਸਹੂਲਤਾਂ ਵਾਲੇ ਕੁੱਲ 413 ਪੋਲਿੰਗ ਬੂਥ ਬਣਾਏ ਗਏ ਹਨ। ਜ਼ਿਲ੍ਹੇ ਵਿੱਚ 241 ਪੰਚਾਇਤਾਂ ਹਨ ਜਿਨ੍ਹਾਂ ਵਿੱਚ 413 ਪੋਲਿੰਗ ਬੂਥ ਹਨ ਅਤੇ 328679 ਵੋਟਰ (ਪੁਰਸ਼ 167553 ਇਸਤਰੀ 150907, ਹੋਰ 9 ਅਤੇ ਨਵੇਂ ਵੋਟਰ 10210) ਹਨ। ਬਲਾਕ-ਵਾਰ ਫ਼ਰੀਦਕੋਟ ਬਲਾਕ ਵਿੱਚ 118 ਪੰਚਾਇਤਾਂ, 181 ਪੋਲਿੰਗ ਬੂਥ ਅਤੇ 152050 ਵੋਟਰ (ਮਰਦ 77518, ਇਸਤਰੀ 70304, ਹੋਰ 6, ਨਵੇ ਵੋਟਰ 4222 ), ਕੋਟਕਪੂਰਾ ਬਲਾਕ ਵਿੱਚ 53 ਪੰਚਾਇਤਾਂ 98 ਪੋਲਿੰਗ ਬੂਥ ਅਤੇ 78007 ਵੋਟਰ (ਪੁਰਸ਼ 39445, ਇਸਤਰੀ 35439 ਹੋਰ 03 ਨਵੇਂ ਵੋਟਰ 3120),  ਜੈਤੋ ਬਲਾਕ ਵਿੱਚ 70 ਪੰਚਾਇਤਾਂ 134 ਪੋਲਿੰਗ ਬੂਥ ਅਤੇ 98622 ਵੋਟਰ (ਪੁਰਸ਼ 50590 ਇਸਤਰੀ 45164 ਨਵੇ ਵੋਟਰ 2868 ਹਨ । ਜ਼ਿਲ੍ਹੇ ਵਿੱਚ ਪੰਚਾਂ ਦੀਆਂ ਚੋਣਾਂ ਲਈ ਕੁੱਲ 1312 ਵਾਰਡ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਬਲਾਕ-ਵਾਰ ਤਾਇਨਾਤ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਪ੍ਰਵਾਨ ਕਰਨੇ ਹਨ। ਪੰਚਾਇਤਾਂ ਦੇ ਰਾਖਵੇਂਕਰਨ ਦੀ ਸੂਚੀ ਜ਼ਿਲ੍ਹੇ ਦੀ ਵੈੱਬਸਾਈਟ faridkot.nic.in 'ਤੇ ਅਪਲੋਡ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਸਬੰਧਤ ਧਿਰਾਂ ਅਤੇ ਚਾਹਵਾਨ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।