ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਆਪਣਾ ਪੱਖ ਪਾਰਟੀ ਹੈਡਕੁਆਟਰ ਵਿਚ ਰੱਖਣ ਲਈ ਦਿੱਤਾ ਮੌਕਾ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੁੰ ਉਹਨਾਂ ਖਿਲਾਫ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ ਆਪ ਵਿਅਕਤੀਗਤ ਤੌਰ ’ਤੇ ਪੇਸ਼ ਹੋ ਕੇ ਰੱਖਣ ਲਈ ਭਲਕੇ 7 ਨਵੰਬਰ ਤੱਕ ਦਾ ਇਕ ਹੋਰਮੌਕਾ  ਦਿੱਤਾ ਹੈ। ਇਸ ਬਾਬਤ ਫੈਸਲਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਜਿਸਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤੀ। ਇਹ ਮੀਟਿੰਗ ਅੱਜ ਪਿੰਡ ਮਲੂਕਾ ਵਿਚ ਹੋਈ। ਮਲੂਕਾ ਨੇ ਬੀਬੀ ਜਗੀਰ ਕੌਰ ਨੂੰ ਆਖਿਆਕਿ ਉਹ ਭਲਕੇ ਚੰਡੀਗੜ੍ਹ ਵਿਚਲੇ ਪਾਰਟੀ ਦੇ ਮੁੱਖ ਦਫਤਰ ਵਿਚ ਪੇਸ਼ ਹੋ ਕੇ ਆਪਣਾ ਪੱਖ ਰੱਖ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਬੀਬੀ ਜੀ ਆਪ ਨਿੱਜੀ ਤੌਰ ’ਤੇ ਅਨੁਸ਼ਾਸਨੀ ਕਮੇਟੀ ਸਾਹਮਣੇ ਆਪਣਾ ਪੱਖ ਰੱਖ ਸਕਣ। ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸਦਾ ਜਵਾਬ ਹਾਲੇ ਤੱਕ ਉਹਨਾਂ ਨਹੀਂ ਦਿੱਤਾ। ਅਨੁਸ਼ਾਸਨੀ ਕਮੇਟੀ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਵਾਸਤੇ ਦੋ ਮੌਕੇ ਦਿੱਤੇ ਹਨ। ਹੁਣ ਉਹਨਾਂ ਨੁੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਹੈ। ਮੀਟਿੰਗ ਵਿਚ ਵਿਰਸਾ ਸਿੰਘ ਵਲਟੋਹਾ ਤੇ ਸਰਦਾਰ ਮਨਤਾਰ ਸਿੰਘ ਬਰਾੜ ਤੋਂ ਇਲਾਵਾ ਸਰਦਾਰ ਇਕਬਾਲ ਸਿੰਘ ਝੂੰਦਾਂ ਤੇ ਡਾ. ਸੁਖਵਿੰਦਰ ਕੁਮਾਰ ਨੇ ਆਨ ਲਾਈਨ ਹਿੱਸਾ ਲਿਆ।