ਰਾਏਕੋਟ, 18 ਫਰਵਰੀ (ਚਮਕੌਰ ਸਿੰਘ ਦਿਓਲ) : ਇੱਕ ਪਾਸੇ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਗਲੀ ਮੁਹੱਲਿਆਂ ਤੱਕ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪ੍ਰੰਤੂ ਦੂਜੇ ਪਾਸੇ ਹਾਲਾਤ ਇਹ ਬਣ ਗਏ ਹਨ ਕਿ ਪਿੰਡਾਂ ਵਿੱਚ ਚੱਲਦੇ ਸਿਹਤ ਕੇਂਦਰ ਵੀ ਬੰਦ ਹੋ ਰਹੇ ਹਨ। ਅਜਿਹੀ ਇੱਕ ਮਿਸਾਲ ਨੇੜਲੇ ਪਿੰਡ ਜਲਾਲਦੀਵਾਲ ਵਿਖੇ ਦੇਖਣ ਨੂੰ ਮਿਲੀ ਹੈ, ਜਿੱਥੋਂ ਦੇ ਸਰਕਾਰੀ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਪਿਛਲੇ ਲਗਪਗ ਵੀਹ ਦਿਨਾਂ ਤੋਂ ਤਾਲੇ ਲਟਕ ਰਹੇ ਹਨ ਅਤੇ ਮਰੀਜਾਂ ਨੂੰ ਦਵਾਈਆਂ ਲੈਣ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਜਲਾਲਦੀਵਾਲ ਪਿੰਡ ਦੀ ਗਿਣਤੀ ਰਾਏਕੋਟ ਹਲਕੇ ਦੇ ਵੱਡੇ ਪਿੰਡਾਂ ਵਿੱਚ ਹੁੰਦੀ ਹੈ, ਜਿਸਦੀ ਵੱਸੋਂ ਸਾਢੇ ਪੰਜ ਹਜ਼ਾਰ ਤੋਂ ਵਧੇਰੇ ਹੈ। ਪਿੰਡ ਦੀ ਅਹਿਮੀਅਤ ਨੂੰ ਦੇਖਦੇ ਹੋਏ ਸਰਕਾਰ ਵਲੋਂ 1972 ਵਿੱਚ ਸਿਹਤ ਕੇਂਦਰ ਖੋਲਿਆ ਗਿਆ ਸੀ, ਜਿਸ ਵਿੱਚ ਪਹਿਲਾਂ ਇੱਕ ਡਾਕਟਰ, ਫਰਮਾਸਿਸਟ ਸਮੇਤ ਹੋਰ ਸਟਾਫ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਸਿਹਤ ਕੇਂਦਰ ਦੇ ਬਣਨ ਨਾਲ ਇਲਾਕੇ ਦੇ ਪੰਜ ਛੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਪਿੰਡ ਵਿੱਚ ਬਣੇ ਇਸ ਸਿਹਤ ਕੇਂਦਰ ਵਿੱਚ ਰੋਜ਼ਾਨਾ ਜਿੱਥੇ ਆਮ ਦਿਨਾਂ ਵਿੱਚ ਲਗਪਗ 50 ਦੇ ਕਰੀਬ ਮਰੀਜ ਜਾਂਚ ਲਈ ਅਉਂਦੇ ਹਨ, ਉੱਥੇ ਕੋਰੋਨਾ ਕਾਲ ਵਿੱਚ ਇਸ ਸਿਹਤ ਕੇਂਦਰ ਦੀ ਅਹਿਮੀਅਤ ਹੋਰ ਵੀ ਵੱਧ ਗਈ ਸੀ। ਪ੍ਰੰਤੂ ਇਸ ਦੇ ਬਾਵਜੂਦ ਸਿਹਤ ਵਿਭਾਗ ਵਲੋਂ ਇੱਥੇ ਤਾਇਨਾਤ ਡਾਕਟਰ ਦਾ ਤਬਾਦਲਾ ਹੋਣ ਤੋਂ ਬਾਅਦ ਨਵਾਂ ਡਾਕਟਰ ਤਾਇਨਾਤ ਨਹੀ ਕੀਤਾ ਗਿਆ। ਜਦਕਿ ਪਿੰਡ ਵਾਸੀਆਂ ਵਲੋਂ ਇਸ ਸਿਹਤ ਕੇਂਦਰ ਨੂੰ ਚਲਾਉਣ ਲਈ ਵੀ ਵੱਡੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਵਲੋਂ ਸਿਹਤ ਕੇਂਦਰ ਨੂੰ ਹਰ ਮਹੀਨੇ 25 ਤੋਂ 30 ਹਜ਼ਾਰ ਦੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪ੍ਰੰਤੂ ਪਿਛਲੇ ਵੀਹ ਦਿਨਾਂ ਤੋਂ ਇਸ ਪ੍ਰਾਇਮਰੀ ਸਿਹਤ ਕੇਂਦਰ ’ਤੇ ਤਾਲੇ ਲਟਕ ਰਹੇ ਹਨ, ਕਾਰਣ ਇਹ ਹੈ ਕਿ ਸਰਕਾਰ ਵਲੋਂ ਇੱਥੇ ਤਾਇਨਾਤ ਫਰਮਾਸਿਸਟ ਦਾ ਤਬਾਦਲਾ ਕਰਕੇ ਕਿਸੇ ਹੋਰ ਜਗ੍ਹਾ ’ਤੇ ਭੇਜ ਦਿੱਤਾ ਗਿਆ ਹੈ, ਜਿਸ ਕਾਰਨ ਰੋਜ਼ਾਨਾ ਕਈ ਮਰੀਜ ਡਿਸਪੈਂਸਰੀ ਨੂੰ ਤਾਲਾ ਲੱਗਾ ਦੇਖ ਕੇ ਵਾਪਸ ਮੁੜ ਰਹੇ ਹਨ। ਇਸ ਮੌਕੇ ਡਿਸਪੈਂਸਰੀ ਵਿੱਚ ਦਵਾਈਆਂ ਦਾ ਪ੍ਰਬੰਧ ਕਰਕੇ ਦੇਣ ਵਾਲੀ ਸੰਸਥਾ ਵੈਦ ਗਿਆਨੀ ਨਿਹਾਲ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਅਮਰ ਸਿੰਘ, ਹਰਕੇਸ਼ ਕੁਮਾਰ, ਬਲਵਿੰਦਰ ਸਿੰਘ ਗੋਲੂ, ਡਾ. ਹਰਮਿੰਦਰ ਸਿੰਘ ਸਿੱਧ, ਗੁਰਪ੍ਰੀਤ ਸਿੰਘੂ ਨੇ ਡਿਸਪੈਂਸਰੀ ਬੰਦ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੱਸਿਆ ਕਿ ਪਹਿਲਾਂ ਇਸ ਡਿਸਪੈਂਸਰੀ ਤੋਂ ਡਾਕਟਰ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਅਤੇ ਹੁਣ ਫਰਮਾਸਿਸਟ ਦਾ ਤਬਾਦਲਾ ਕਰਕੇ ਸਰਕਾਰ ਨੇ ਮਰੀਜਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਬਣੀ ਇਸ ਸੰਸਥਾ ਵਲੋਂ ਇਸ ਡਿਸਪੈਂਸਰੀ ਵਿੱਚ ਫਰਨੀਚਰ, ਰੰਗ ਰੋਗਨ ਤੋਂ ਇਲਾਵਾ ਹਰ ਮਹੀਨੇ 25-30 ਤੱਕ ਦੀਆਂ ਦਵਾਈਆਂ ਦਾ ਪ੍ਰਬੰਧ ਕਰਕੇ ਦਿੱਤਾ ਜਾਂਦਾ ਹੈ ਅਤੇ ਇਸ ਡਿਸਪੈਂਸਰੀ ਵਿੱਚ ਜਲਾਲਦੀਵਾਲ ਨੇੜਲੇ ਕਈ ਪਿੰਡਾਂ ਦੇ ਲੋਕ ਦਵਾਈ ਲੈਣ ਲਈ ਆਂਉਦੇ ਹਨ, ਪ੍ਰੰਤੂ ਪਿਛਲੇ ਵੀਹ ਦਿਨਾਂ ਤੋਂ ਦਵਾਈ ਲੈਣ ਆ ਰਹੇ ਮਰੀਜਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਡਿਸਪੈਂਸਰੀ ਵਿੱਚ ਛੇਤੀ ਤੋਂ ਛੇਤੀ ਸਟਾਫ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨਾਂ ਹੋ ਸਕੇ। ਇਸ ਸਬੰਧੀ ਜਦ ਐਸ.ਐਮ.ਓ ਸੁਧਾਰ ਡਾ. ਦਵਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਲਾਲਦੀਵਾਲ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਤਾਇਨਾਤ ਫਰਮਾਸਿਸਟ ਦਾ ਤਬਾਦਲਾ ਕਰਕੇ ਇੱਕ ਮਹੀਨੇ ਲਈ ਬੋਪਾਰਾਏ ਕਲਾਂ ਭੇਜਿਆ ਗਿਆ ਹੈ। ਇਸ ਤੋਂ ਬਾਅਦ ਨਵੇਂ ਹੁਕਮਾਂ ਤਹਿਤ ਹੀ ਇਸ ਡਿਸਪੈਂਸਰੀ ਵਿੱਚ ਕੋਈ ਤਾਇਨਾਤੀ ਕੀਤੀ ਜਾ ਸਕੇਗੀ।