ਪਟਿਆਲਾ, 19 ਅਗਸਤ 2024 : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ‘ਚ ਇਹ ਤਿਉਹਾਰ ਪੂਰੀ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਪਟਿਆਲਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਤੇ ਪੰਜਾਬ ਦੀਆਂ ਕਈ ਹੋਰ ਜੇਲ੍ਹਾਂ ‘ਚ ਇਸ ਤਿਉਹਾਰ ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ। ਰੱਖੜੀ ਦੇ ਤਿਉਹਾਰ ਦੇ ਮੌਕੇ ‘ਤੇ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਨੇ ਵਿਸ਼ੇਸ਼ ਪ੍ਰਬੰਧ ਕੀਤੇ ਤਾਂ ਕਿ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬਣ ਸਕਣ ਤੇ ਉਨ੍ਹਾਂ ਦੀ ਤੰਦਰੂਸਤੀ ਦੀ ਖਬਰ ਲੈ ਸਕਣ। ਜੇਲ੍ਹ ਪ੍ਰਸ਼ਾਸਨ ਦੁਆਰਾ ਕੀਤੇ ਗਏ ਪ੍ਰਬੰਧਾਂ ਨਾਲ 10-10 ਦੇ ਗਰੁੱਪਾਂ ਨੂੰ ਜੇਲ੍ਹ ‘ਚ ਬੰਦ ਹਵਾਲਾਤੀ ਤੇ ਕੈਦੀਆਂ ਨਾਲ ਮਿਲਣ ਦਾ ਮੌਕਾ ਦਿੱਤਾ ਗਿਆ। ਇਸ ਦੌਰਾਨ ਭੈਣ-ਭਰਾਵਾਂ ‘ਚ ਮਾਹੌਲ ਪੂਰੀ ਤਰ੍ਹਾਂ ਭਾਵੁਕ ਦਿਖਾਈ ਦਿੱਤਾ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਚਾਹ-ਪਾਣੀ ਤੇ ਮਿਠਾਇਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਰੱਖੜੀ ਦੇ ਤਿਉਹਾਰ ‘ਤੇ ਫਾਜ਼ਿਲਕਾ ਸਬ ਜੇਲ੍ਹਾ ‘ਚ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਭੈਣਾਂ ਨੇ ਆਪਣੇ ਭਰਾਵਾਂ ਦੇ ਆਹਮੋ-ਸਾਹਮਣੇ ਬੈਠ ਕੇ ਰੱਖੜੀ ਬੰਨ੍ਹੀ। ਰੱਖੜੀ ਬੰਨ੍ਹਣ ਤੋਂ ਬਾਅਦ ਭੈਣਾਂ ਨੇ ਜੇਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਆਪਣੇ ਭਰਾਵਾਂ ਨੂੰ ਗਲਤ ਰਸਤਾ ਛੱਡ ਚੰਗਾ ਕੰਮ ਕਰਨ ਦੀ ਨਸੀਹਤ ਦਿੱਤੀ। ਫਾਜ਼ਿਲਕਾ ਸਬ ਜੇਲ ਦੇ ਸੁਪਰਡੈਂਟ ਆਸ਼ੂ ਭੱਟੀ ਦਾ ਕਹਿਣਾ ਹੈ ਕਿ ਡੀਜੀਪੀ ਜੇਲ੍ਹ ਵਿਭਾਗ ਦੇ ਹੁਕਮਾਂ ਤੇ ਸਾਰੀਆਂ ਜੇਲ੍ਹਾਂ ਵਿੱਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਖ਼ਤ ਸੁਰੱਖਿਆ ਵਿਚਕਾਰ ਭੈਣਾਂ ਨੂੰ ਭਰਾਵਾਂ ਨੂੰ ਮਿਲਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜੋ ਵੀ ਭੈਣ ਜੇਲ ਆ ਰਹੀ ਹੈ, ਉਸ ਨੂੰ ਇਹ ਮੌਕਾ ਦਿੱਤਾ ਜਾ ਰਿਹਾ ਹੈ। ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਕੈਦੀ ਭਰਾਵਾਂ ਲਈ ਭੈਣਾਂ ਰੱਖੜੀ ਲੈ ਕੇ ਪੁੱਜੀਆਂ। ਕਈ ਭੈਣਾਂ ਇਸ ਮੌਕੇ ਭਾਵੁਕ ਵੀ ਹੋ ਗਈਆਂ। ਜੇਲ ਪ੍ਰਸ਼ਾਸ਼ਨ ਵਲੋਂ ਵੀ ਵਧੀਆ ਇੰਤਜ਼ਾਮ ਕੀਤੇ ਗਏ। ਜੇਲ੍ਹ ‘ਚ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਕੋਈ ਵੀ ਭੈਣ ਰਖੜੀ ਬੰਨ੍ਹਣ ਲਈ ਜਾ ਸਕਦੀ ਹੈ। ਉੱਥੇ ਹੀ ਡੀਐਸਪੀ ਜੇਲ੍ਹ ਬਲਜਿੰਦਰ ਸਿੰਘ ਚੱਠਾ ਨੇ ਦੱਸਿਆ ਕੀ ਅਸੀਂ ਡਿਊਟੀ ਕਰਕੇ ਰੱਖੜੀ ਨਹੀਂ ਬਣਵਾ ਸਕੇ, ਅਸੀਂ ਜੇਲ੍ਹ ਵਿਚ ਬੰਦ ਕੈਦੀਆਂ ਨਾਲ ਹੀ ਇਹ ਤਿਉਹਾਰ ਮਨਾ ਲਵਾਂਗੇ। ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਵੀ ਰੱਖੜੀ ਦਾ ਤਿਉਹਾਰ ਪੂਰੀ ਖੁਸ਼ੀ ਨਾਲ ਮਨਾਇਆ ਗਿਆ। ਭੈਣਾਂ ਨੇ ਆਪਣੇ ਭਰਾਵਾਂ ਨੂੰ ਅਪਰਾਧ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਲ੍ਹ ਅੰਦ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਣਾ ਬਹੁਤ ਔਖਾ ਕੰਮ ਹੈ। ਉਨ੍ਹਾਂ ਨੇ ਭਰਾਵਾਂ ਦੀ ਲੰਬੀ ਉਮਰ ਦੀ ਅਰਦਾਸ ਕੀਤੀ।