ਬੇਗੋਵਾਲ (ਲੁਧਿਆਣਾ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ਅਤੇ ਅਗਲੇ ਪੜਾਅ ਤਹਿਤ ਇਸ ਦਿਸ਼ਾ ਵਿੱਚ 26 ਜਨਵਰੀ, 2023 ਨੂੰ ਸੂਬੇ ਭਰ ਦੇ ਲੋਕਾਂ ਲਈ 521 ਨਵੇਂ ਆਮ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਪਿੰਡ ਬੇਗੋਵਾਲ ਵਿੱਚ ਵੱਖ-ਵੱਖ ਜੰਗਾਂ ਵਿੱਚ ਸ਼ਹੀਦ ਹੋਏ 8 ਸੈਨਿਕਾਂ ਅਤੇ 5 ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਏ ਗਏ ਸੈਨਾ ਫਤਹਿ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਸਿਹਤ ਸੇਵਾਵਾਂ ਨੂੰ ਸੂਬੇ ਦੇ ਹਰ ਘਰ ਤੱਕ ਪਹੁੰਚਾਉਣ ਲਈ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਇਹ ਨਵੇਂ 521 ਕਲੀਨਿਕ ਡਾਕਟਰੀ ਸੇਵਾਵਾਂ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ਉਨ੍ਹਾਂ ਨਾਲ ਪਾਇਲ ਦੇ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਸਾਲ 15 ਅਗਸਤ ਨੂੰ ਖੋਲ੍ਹੇ ਗਏ 100 ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਹਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਉੱਜਵਲ ਭਵਿੱਖ ਲਈ ਲੋਕਾਂ ਦੀ ਤੰਦਰੁਸਤੀ ਬੇਹੱਦ ਜ਼ਰੂਰੀ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਗਲੇ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਵੀ ਬਣਾਏਗੀ, ਜੋ ਵਿਸ਼ਵ ਪੱਧਰੀ ਡਾਕਟਰ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੇ ਖੁੱਲ੍ਹਣ ਨਾਲ ਜਿੱਥੇ ਪੰਜਾਬ ਦੇ ਵਿਦਿਆਰਥੀਆਂ ਨੂੰ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਦੇਸ਼ ਤੋਂ ਬਾਹਰ ਨਹੀਂ ਜਾਣਾ ਪਵੇਗਾ, ਉੱਥੇ ਹੀ ਉਹ ਇੱਥੇ ਸਸਤੀ ਅਤੇ ਮਿਆਰੀ ਪੜ੍ਹਾਈ ਕਰ ਸਕਣਗੇ। ਇਸ ਤੋਂ ਪਹਿਲਾਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਪਿੰਡ ਦੇ ਸੱਤ ਸ਼ਹੀਦਾਂ ਜੈ ਸਿੰਘ, ਬਚਿੱਤਰ ਸਿੰਘ, ਅਮਰ ਸਿੰਘ, ਸਰਵਣ ਸਿੰਘ, ਅਜੀਤ ਸਿੰਘ, ਗੁਰਦੇਵ ਸਿੰਘ, ਸੋਹਣ ਸਿੰਘ, ਸੁਦਰਸ਼ਨ ਕੁਮਾਰ ਅਤੇ ਪੰਜ ਆਜ਼ਾਦੀ ਘੁਲਾਟੀਆਂ ਸੁੰਦਰ ਸਿੰਘ, ਜੋਧ ਸਿੰਘ, ਗੁਰਬਚਨ ਸਿੰਘ, ਰਾਮ ਨਾਥ ਅਤੇ ਰਾਮ ਸਿੰਘ ਨੂੰ ਬੇਗੋਵਾਲ ਦੇ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਆਪਣੇ ਅਖਤਿਆਰੀ ਫੰਡਾਂ ਵਿੱਚੋਂ ਪਿੰਡ ਵਿੱਚ ਯਾਦਗਾਰ ਦੇ ਸੁੰਦਰੀਕਰਨ ਅਤੇ ਹੋਰ ਵਿਕਾਸ ਕਾਰਜਾਂ ਲਈ 4 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਫੰਡਾਂ ਦਾ ਐਲਾਨ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਸ਼ੀ ਯਾਦਗਾਰ ਨੂੰ ਹੋਰ ਸੁੰਦਰ ਬਣਾਉਣ ਵਿੱਚ ਸਹਾਈ ਹੋਵੇਗੀ ਤਾਂ ਜੋ ਨੌਜਵਾਨ ਪੀੜ੍ਹੀ ਸ਼ਹੀਦਾਂ ਦੀ ਮਹਾਨ ਕੁਰਬਾਨੀ ਤੋਂ ਪ੍ਰੇਰਨਾ ਲੈ ਸਕੇ। ਇਸ ਸਮਾਗਮ ਦਾ ਆਯੋਜਨ ਸ਼ਹੀਦ ਸੈਨਿਕ ਸਪੋਰਟਸ ਕਲੱਬ ਰਜਿ:, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਖੰਨਾ ਦੇ ਐਸ.ਐਸ.ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਮਰਜੀਤ ਬੈਂਸ, ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਸਿਵਲ ਸਰਜਨ ਡਾ. ਹਤਿੰਦਰ ਕੌਰ, ਪ੍ਰਧਾਨ ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਤਰਲੋਚਨ ਸਿੰਘ, ਜਨਰਲ ਸਕੱਤਰ ਲਾਲ ਸਿੰਘ ਮਾਂਗਟ, ਮਨਧੀਰ ਸਿੰਘ, ਐਡਵੋਕੇਟ ਪ੍ਰੀਤਮ ਸਿੰਘ ਮਾਂਗਟ, ਜਸਵੀਰ ਸਿੰਘ ਫੌਜੀ, ਅਧਿਕਾਰਤ ਪੰਚ ਰਣਜੀਤ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਬਲਜੀਤ ਕੌਰ, ਪੰਚ ਸਰਬਜੀਤ ਕੌਰ, ਪੰਚ ਕਮਲਜੀਤ ਕੌਰ, ਪੰਚ ਕਰਮਜੀਤ ਕੌਰ, ਪੰਚ ਸਦੀਕ ਮੁਹੰਮਦ ਤੇ ਹੋਰ ਹਾਜ਼ਰ ਸਨ।