- ਡਿਪਟੀ ਕਮਿਸ਼ਨਰ ਅਤੇ ਫਾਜਿ਼ਲਕਾ ਦੇ ਵਿਧਾਇਕ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਇੰਤਜਾਮ ਪੂਰੇ : ਡਾ: ਸੇਨੂ ਦੁੱਗਲ
ਫਾਜਿ਼ਲਕਾ, 11 ਜ਼ੁਲਾਈ : ਹੁਸੈਨੀਵਾਲਾ ਹੈਡ ਵਰਕਸ ਤੋਂ ਮੰਗਲਵਾਰ ਸ਼ਾਮ 5 ਵਜੇ 125496 ਕਿਉਸਿਕ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਫਾਜਿਲ਼ਕਾ ਦੇ ਸਰਹੱਦੀ ਖੇਤਰਾਂ ਵਿਚ ਹੜ੍ਹਾਂ ਦੇ ਖਤਰੇ ਦੇ ਮੱਦੇਨਜਰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਿੰਡਾਂ ਵਿਚੋਂ ਸੁਰੱਖਿਅਤ ਕੱਢਣ ਲਈ ਸਾਰੇ ਇੰਤਜਾਮ ਕਰ ਲਏ ਗਏ ਹਨ। ਇਸ ਦੌਰਾਨ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ, ਐਸਐਸਪੀ ਅਵਨੀਤ ਕੌਰ ਸਿੱਧੂ, ਏਡੀਸੀ ਵਿਕਾਸ ਸ੍ਰੀ ਅਮਿਤ ਪੰਚਾਲ, ਏਡੀਸੀ ਜਨਰਲ ਅਵਨੀਤ ਕੌਰ ਨੇ ਕਾਂਵਾਂ ਵਾਲੀ ਪੱਤਣ ਅਤੇ ਮੁਹਾਰ ਜਮਸ਼ੇਰ ਵਿਖੇ ਪੱਤਣ ਪੋਸਟ ਦਾ ਦੌਰਾ ਕਰਕੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਹੁਸੈਨੀਵਾਲਾ ਤੋਂ ਛੱਡਿਆ ਜਾ ਰਿਹਾ ਪਾਣੀ ਚੋਖੀ ਮਾਤਰਾ ਵਿਚ ਕਾਂਵਾਂ ਵਾਲੀ ਪੱਤਣ ਅਤੇ ਮੁਹਾਰ ਜਮਸੇਰ ਵਿਖੇ ਪੁੱਜਿਆ ਹੈ ਪਰ ਹਾਲੇ ਵੀ ਬਹੁਤ ਜਿਆਦਾ ਪਾਣੀ ਹੋਰ ਆ ਰਿਹਾ ਹੈ। ਇਸ ਲਈ ਸਤਲੁਜ਼ ਦੀ ਕਰੀਕ ਦੇ ਪੱਛਮ ਵਾਲੇ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਤ ਥਾਂਵਾਂ ਤੇ ਆਉਣ ਦੀ ਅਪੀਲ ਕੀਤੀ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਵੀ ਕੀਤਾ ਹੈ। ਇਸ ਤੋਂ ਬਿਨ੍ਹਾਂ ਕਰੀਕ ਦੇ ਧੁੱਸੀ ਬੰਨ ਤੇ ਕਿਸੇ ਵੀ ਸੰਭਾਵਿਤ ਖਤਰੇ ਨੂੰ ਟਾਲਣ ਲਈ ਮਿੱਟੀ ਦੀਆਂ ਬੋਰੀਆਂ ਵੀ ਭਰੀਆਂ ਜਾ ਰਹੀਆਂ ਹਨ। ਕਾਂਵਾਂ ਵਾਲੀ ਪੱਤਣ ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਮੁਹਾਰ ਜਮਸੇਰ ਵਿਚ ਵੀ ਇਕ ਕੰਟਰੋਲ ਰੂਮ ਬਣਾਉਣ ਦੀ ਹਦਾਇਤ ਕੀਤੀ ਕਿਉਂਕਿ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੈ ਜਦੋਂ ਕਿ ਇਕ ਪਾਸੇ ਸਤਲੁਜ ਦੀ ਕਰੀਕ ਹੈ। ਇਸ ਲਈ ਇਸ ਪਿੰਡ ਦੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜਰ ਪ੍ਰਸ਼ਾਸਨ ਨੇ ਇੱਥੇ ਕੰਟਰੋਲ ਰੂਮ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਭਾਵਿਤ ਹੜ੍ਹਾਂ ਦੇ ਖਤਰੇ ਦਾ ਸਾਹਮਣਾ ਕਰਨ ਵਾਲੇ ਪਿੰਡਾਂ ਵਿਚ ਜ਼ੇਸੀਬੀ ਮਸ਼ੀਨਾਂ, ਟਰੈਕਟਰ ਟਰਾਲੀਆਂ, ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਖਾਣੇ ਦੇ ਪੈਕਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਦ ਕਿ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਹੈ ਤਾਂਜੋ ਜਿੰਨ੍ਹਾਂ ਲੋਕਾਂ ਨੂੰ ਪਿੰਡ ਖਾਲੀ ਕਰਕੇ ਆਉਣਾ ਪਵੇ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹ ਕੰਟਰੋਲ ਰੂਮ 24 ਘੰਟੇ ਕੰਮ ਕਰ ਰਿਹਾ ਹੈ ਅਤੇ ਕਿਸੇ ਵੀ ਮੁਸਕਿਲ ਸਮੇਂ ਲੋਕ ਫੋਨ ਨੰਬਰ 01638—262153 ਤੇ ਸੰਪਰਕ ਕਰ ਸਕਦੇ ਹਨ ਜਾਂ ਪਿੰਡਾਂ ਵਿਚ ਤਾਇਨਾਤ ਰਾਹਤ ਟੀਮਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ 17 ਰਾਹਤ ਕੈਂਪ ਵੀ ਬਣਾਏ ਜਾ ਚੁੱਕੇ ਹਨ ਤਾਂ ਜ਼ੋ ਲੋਕਾਂ ਨੂੰ ਇੱਥੇ ਠਹਿਰਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕਾਂਵਾਂ ਵਾਲੀ ਪੱਤਣ ਤੇ ਅੱਜ ਸ਼ਾਮ ਪਾਣੀ ਨਦੀ ਦੇ ਕਿਨਾਰਿਆਂ ਦੇ ਅੰਦਰ ਹੈ ਪਰ ਰਾਤ ਤੱਕ ਪਾਣੀ ਵੱਧਣ ਦੀ ਆਸ ਹੈ। ਇਸ ਮੌਕੇ ਐਸਡੀਐਮ ਸ੍ਰੀ ਅਕਾਸ਼ ਬਾਂਸਲ, ਤਹਿਸੀਲਦਾਰ ਸੁਖਦੇਵ ਸਿੰਘ, ਡੀਡੀਪੀਓ ਸੰਜੀਵ ਕੁਮਾਰ, ਬੀਡੀਪੀਓ ਪਿਆਰ ਸਿੰਘ, ਕਾਰਜਕਾਰੀ ਇੰਜਨੀਅਰ ਅਲੋਕ ਚੌਧਰੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।