ਅੰਮ੍ਰਿਤਸਰ ‘ਚ ਔਰਤ ਦੇ ਸਿਰ ਵਿੱਚ ਹਥੌੜਾ ਮਾਰ ਕੇ ਕੀਤਾ ਕਤਲ, ਕਾਤਲ ਮੌਕੇ ਤੋਂ ਹੋਇਆ ਫਰਾਰ

ਅੰਮ੍ਰਿਤਸਰ, 28 ਜਨਵਰੀ : ਅੰਮ੍ਰਿਤਸਰ ‘ਚ ਇੱਕ ਔਰਤ ਦਾ ਕਤਲ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮੰਨਾ ਵਿੱਚ ਚੌਂਕ ਵਿੱਚ ਰਹਿਣ ਵਾਲੀ ਮੀਰਾ ਵਰਮਾਂ ਨਾਮ ਦੀ ਔਰਤ ਦਾ ਇਕ ਵਿਅਕਤੀ ਵੱਲੋਂ ਸਿਰ ਵਿੱਚ ਹਥੌੜਾ ਮਾਰ ਕੇ ਕਤਲ ਕਰਦਿੱਤਾ। ਜਿਸ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ ਤੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਮੀਰਾ ਵਰਮਾ ਅਤੇ ਮੋਹਨ ਸਿੰਘ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਸਨ ਅਤੇ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਗੁੱਸੇ 'ਚ ਆਏ ਮੋਹਨ ਨੇ ਮੀਰਾ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਮੀਰਾ ਪਿਛਲੇ ਕੁਝ ਸਾਲਾਂ ਤੋਂ ਮੰਨਾ ਸਿੰਘ ਚੌਕ ਨੇੜੇ ਆਪਣੇ ਪਤੀ ਚੰਦਰਸ਼ੇਖਰ ਤੋਂ ਵੱਖ ਰਹਿ ਰਹੀ ਸੀ। ਉਹ ਅਤੇ ਉਸ ਦੀਆਂ ਦੋ ਜਵਾਨ ਧੀਆਂ ਕਿਸੇ ਨਾ ਕਿਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਹੀਆਂ ਸਨ। ਇਸ ਦੌਰਾਨ ਉਸ ਦੀ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਘਰ ਤੋਂ ਅੱਧਾ ਕਿਲੋਮੀਟਰ ਦੂਰ ਰਹਿਣ ਵਾਲੇ ਮੋਹਨ ਸਿੰਘ ਨਾਲ ਹੋਈ ਸੀ। ਮੋਹਨ ਸਿੰਘ ਪਲਾਸਟਿਕ ਦੇ ਖਿਡੌਣੇ ਵੇਚਣ ਦਾ ਕੰਮ ਕਰਦਾ ਸੀ ਅਤੇ ਇੱਕ ਕਮਰੇ ਦੇ ਮਕਾਨ ਵਿੱਚ ਰਹਿੰਦਾ ਸੀ। ਰਾਤ ਨੂੰ ਮੁਲਜ਼ਮ ਮੋਹਨ ਸਿੰਘ ਨੇ ਮੀਰਾ ਨੂੰ ਆਪਣੇ ਘਰ ਬੁਲਾਇਆ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ। ਦੋਸ਼ ਹੈ ਕਿ ਗੁੱਸੇ 'ਚ ਮੋਹਨ ਸਿੰਘ ਨੇ ਮੀਰਾ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ।