ਜਦੋਂ ਕੁਰਸੀਆਂ ਜਾਂ ਆਹੁਦਾ ਲੈਂਦੇ ਹੋ ਫਿਰ ਹਾਈਕਮਾਨ ਦੀ ਮੰਨਦੇ ਹੋ, ਰਾਸ਼ਟਰ ਹਿੱਤ ਲਈ ਹਾਈਕਮਾਨ ਦਾ ਫੈਸਲਾ ਮਨਜ਼ੂਰ ਨਹੀਂ ਕਿਉਂ : ਨਵਜੋਤ ਸਿੰਘ ਸਿੱਧੂ

  • ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਸੀਸ ਝਕਾਉਣਾ ਸਭ ਤੋਂ ਵੱਡੀ ਸੇਧ ਹੈ : ਨਵਜੋਤ ਸਿੰਘ ਸਿੱਧੂ
  • ਸੂਬੇ ਦੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਵੱਲੋਂ ਮੀਟਿੰਗਾਂ, ਰੈਲੀਆ ਜਾਰੀ ਰਹਿਣਗੀਆਂ : ਸਿੱਧੂ
  • ਇੰਡੀਆ ਗਠਜੋੜ ਲਈ ਜੋ ਵੀ ਫੈਸਲਾ ਹਾਈਕਮਾਨ ਦਾ ਹੋਵੇਗਾ, ਉਹ ਉਸ ਨਾਲ ਸਹਿਮਤ ਹੋਣਗੇ : ਨਵਜੋਤ ਸਿੰਘ ਸਿੱਧੂ

ਅੰਮ੍ਰਿਤਸਰ, 08 ਜਨਵਰੀ : ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਨਵੇਂ ਲਗਾਏ ਗਏ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਆਗੂਆਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ  ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਸੀਸ ਝਕਾਉਣਾ ਸਭ ਤੋਂ ਵੱਡੀ ਸੇਧ ਹੈ, ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਵਿੱਚ ਕੁੱਝ ਵੀ ਨਹੀਂ ਹਨ, ਇਸ ਗੁਰੁ ਦੀ ਮੇਹਰ ਸਦਕਾ ਅਲਖ਼ ਜਗਾਉਣ ਦੀ ਇੱਕ ਸੇਧ ਮਿਲੀ ਹੈ। ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਧੜੇ ਵੰਡੇ ਹੋਏ ਹਨ, ਤਿੰਨ-ਚਾਰ ਚੀਫ ਮਨਿਸਟਰਾਂ ਦਾ ਰਾਜ ਰਿਹਾ ਹੈ, ਜਦਕਿ ਪੰਜਾਬ ਵਿੱਚ ਲੋਕ ਰਾਜ ਤਾਂ ਸਥਾਪਿਤ ਹੀਂ ਨਹੀਂ ਹੋਇਆ, ਸਿਵਾਏ ਆਪਣੇ ਘਰ ਭਰਨ ਦੇ, ਇੰਨ੍ਹਾਂ ਰਾਜਨੀਤਿਕ ਆਗੂਆਂ ਨੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਲੜ੍ਹਾਈ ਇਮਾਨਦਾਰੀ ਨਾਲ ਲੜੋ, ਨੇਤਾ ਉਹ ਹੁੰਦਾ ਹੈ, ਜੋ ਲੋਕਾਂ ਵਿੱਚ ਭਰੋਸਾ ਰੱਖੇ, ਅਜਿਹੇ ਹੀ ਭਰੋਸੇ ਨੂੰ ਲੈ ਕੇ ਰਾਜਨੀਤੀ ਕਰਾਂਗਾ। ਸਾਬਕਾ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਬੰਦਾ 10 ਹਜ਼ਾਰ ਇੱਕਠਾ ਕਰਕੇ ਅਖਾੜਾ ਲਾਵੇ, ਤਾਂ ਉਹ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕਰਨਗੇ। ਪਰ ਲੋਕ ਭਲਾਈ ਲਈ ਪ੍ਰਚਾਰ ਹੋਵੇ। ਉਨ੍ਹਾਂ ਕਿਹਾ ਕਿ ਪਰ ਇੱਥੇ ਭਲ਼ਾਈ ਕਿੱਥੇ ਹੈ। ਇੱਥੇ ਗਰੁੱਪ ਬਣਾ ਕੇ ਸਵਾਰਥ ਪੂਰਾ ਕੀਤਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਵੱਲੋਂ ਮੀਟਿੰਗਾਂ, ਰੈਲੀਆ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਨੂੰ ਰੋਕਿਆ ਨਹੀਂ ਕਿ ਤੂੰ ਇੱਧਰ ਨਾ ਜਾ ਜਾਂ ਉੱਧਰ ਨਾ ਜਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੰਡੀਆ ਗਠਜੋੜ ਲਈ ਜੋ ਵੀ ਫੈਸਲਾ ਹਾਈਕਮਾਨ ਦਾ ਹੋਵੇਗਾ, ਉਹ ਉਸ ਨਾਲ ਸਹਿਮਤ ਹੋਣਗੇ। ਉਨ੍ਹਾਂ ਕੁੱਝ ਆਗੂਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਕੁਰਸੀਆਂ ਲੈਂਦੇ ਹੋ ਜਾਂ ਆਹੁਦਾ ਲੈਂਦੇ ਹੋ ਫਿਰ ਹਾਈਕਮਾਨ ਦੀ ਮੰਨਦੇ ਹੋ, ਪਰ ਕਦੋਂ ਰਾਸ਼ਟਰ ਹਿੱਤ ਲਈ ਹਾਈਕਮਾਨ ਕੋਈ ਫੈਸਲਾ ਲੈਂਦੀ ਹੈ ਤਾਂ ਤੁਸੀਂ ਕਹਿੰਦੇ ਹੋ ਸਾਨੂੰ ਇਹ ਮਨਜ਼ੂਰ ਨਹੀਂ ਹੈ। ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਉਨ੍ਹਾਂ ਤੇ ਜੋ ਵੀ ਕਾਰਵਾਈ ਹੋਈ ਹੈ, ਉਹ ਰਾਜਨੀਤੀ ਤੋਂ ਪ੍ਰੇਰਿਤ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇੱਥੇ ਹਰ ਕੋਈ ਆਪਣੀ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਹੈ, ਕਦੇ ਵੀ ਵਰਕਰ ਦੇ ਖਿਲਾਫ ਨਵਜੋਤ ਸਿੱਧੂ ਦੀ ਅਵਾਜ ਨਹੀਂ ਗਈ, ਉਨ੍ਹਾਂ ਕਿਹਾ ਕਿ ਮੇਰੀ ਜੋ ਵੀ ਕੋਈ ਨਿੰਦਾ ਕਰੇਗਾ, ਮੈਂ ਉਸ ਦੀ ਭਲਾਈ ਹੀ ਮੰਗਾਂਗਾ, ਪਰ ਜੇਕਰ ਕੋਈ ਪੰਜਾਬ ਦੇ ਖਿਲਾਫ ਬੋਲੇਗਾ ਜਾਂ ਲੜੇਗਾ ਮੈਂ ਉਸਦੀ ਮੰਜੀ ਠੋਕ ਦਿਆਂਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾਂ ਕਹਿੰਦੇ ਨੇ ਕਿ ਏਕਤਾ ਬਣਾ ਕੇ ਰੱਖਣਾ ਹੈ, ਪਰ ਜੋ ਕੋਈ ਤੋੜਦਾ ਹੈ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਘਰ ਵਾਲੀ ਬਿਮਾਰ ਹੈ, ਉਹ ਉਨ੍ਹਾਂ ਨੂੰ ਸ਼ਾਂਭ ਰਹੇ ਹਨ, ਜਿਹੜਾ ਬੰਦਾ ਆਪਣੀ ਘਰ ਵਾਲੀ ਅਤੇ ਪਰਿਵਾਰ ਨੂੰ ਸਾਂਭ ਨਹੀਂ ਸਕਦਾ, ਉਹ ਪੰਜਾਬ ਨੂੰ ਕੀ ਸ਼ਾਂਭੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਪਤਨੀ ਆਊਟ ਆਫ ਡੇਂਜਰ ਨਹੀਂ ਹੁੰਦੀ ਉਹ ਇਸ ਕਰਮ ਭੂਮੀ ਨੂੰ ਤਿਆਗ ਨਹੀ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਦੇ ਠੀਕ ਹੋਣ ਤੋਂ ਬਾਅਦ ਕਰਮਭੂਮੀ ਅੰਮ੍ਰਿਤਸਰ ਲਈ ਹਮੇਸ਼ਾ ਤੱਤਪਰ ਹੋ ਜਾਣਗੇ।