- ਹਲਕਾ ਖਡੂਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਯਾਤਰਾ ਕਰਨਗੇ ਸ਼ਰਧਾਲੂ
- ਤੀਰਥ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਦਾ ਕਰਵਾਇਆ ਮੈਡੀਕਲ ਚੈਕਅੱਪ ਦਿੱਤੇ ਗਏ ਤੀਰਥ ਯਾਤਰਾ ਦੇ ਬੈਗ
ਤਰਨ ਤਾਰਨ, 25 ਫਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਤੁੜ ਤੋਂ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਸਚਿਨ ਪਾਠਕ ਨੇ ਹਲਕੇ ਦੇ ਯਾਤਰੀਆਂ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕਰਨ ਮੌਕੇ ਉਹਨਾਂ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਸਤੇ ਮੁਫ਼ਤ ਸਫ਼ਰ ਦੀ ਸਹੂਲਤ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਦਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਲਕੇ ਤੋਂ ਸੰਗਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਦੀ ਯਾਤਰਾ ਕਰਵਾਈ ਜਾਵੇਗੀ। ਇਸ ਮੌਕੇ ਬੱਸ 'ਤੇ ਜਾਣ ਵਾਲੇ ਯਾਤਰੀਆਂ ਦਾ ਮੈਡੀਕਲ ਚੈਕਅੱਪ ਵੀ ਕੀਤਾ ਗਿਆ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਵਾਲੇ ਬੈਗ ਜਿਸ ਵਿੱਚ ਲੋੜੀਂਦੀਆਂ ਵਸਤੂਆਂ ਹਨ ਉਹ ਯਾਤਰੀਆਂ ਨੂੰ ਮੁਹੱਈਆ ਕੀਤੀਆਂ ਗਈਆਂ। ਇਸ ਮੌਕੇ ਪ੍ਰਭਜੀਤ ਸਿੰਘ ਤੁੜ ਬਲਾਕ ਪ੍ਰਧਾਨ, ਗੁਰਤੇਜ ਸਿੰਘ ਮੀਡੀਆ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਮੰਡ, ਮੁਖਬੀਰ ਸਿੰਘ, ਸੇਵਾ ਸਿੰਘ, ਗੁਰਦਿਆਲ ਸਿੰਘ ਭੈਲ, ਗੁਰਪ੍ਰੀਤ ਸਿੰਘ ਭੈਲ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਯਾਤਰੀ ਹਾਜ਼ਰ ਸਨ।