ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕੀਤਾ ਗਿਆ ਟ੍ਰੇਨਿੰਗ ਕੈਂਪ ਦਾ ਆਯੋਜਨ

ਤਰਨ ਤਾਰਨ, 03 ਜੁਲਾਈ 2024 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵਲੋਂ ਪਿੰਡ ਬੁਰਜ ਨੱਥੂਪੁਰ ਟੋਡਾ ਵਿਖ਼ੇ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ।ਕੈਂਪ ਵਿੱਚ 80 ਦੇ ਕਰੀਬ ਕਿਸਾਨਾਂ ਵੱਲੋਂ ਭਾਗ ਲਿਆ ਗਿਆ। ਇਸ ਕੈਂਪ ਵਿਚ ਫਾਰਮ ਸਲਾਹਕਾਰ ਸੇਵਾ ਕੇਂਦਰ ਦੀ ਟੀਮ ਤੋਂ ਇਲਾਵਾ ਕੇ. ਵੀ. ਕੇ. ਬੂਹ ਦੇ ਵਿਗਿਆਨੀ ਅਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਤਰਨ ਤਾਰਨ ਦੇ ਅਧਿਕਾਰੀ ਵੀ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਾ. ਪਰਵਿੰਦਰ ਸਿੰਘ, ਇੰਚਾਰਜ, ਫਾਰਮ ਸਲਾਕਾਰ ਸੇਵਾ ਕੇਂਦਰ, ਤਰਨ ਤਾਰਨ ਅਤੇ ਉਸਮਾਂ ਬੀਜ ਫਾਰਮ ਨੇ ਕਿਸਾਨਾਂ ਨੂੰ ਅਤੇ ਆਏ ਹੋਏ ਸਾਰੇ ਅਧਿਕਾਰੀਆਂ ਨੂੰ ਜੀ ਆਇਆ ਆਖਿਆ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨਾਂ ਲਈ ਕੀਤੇ ਜਾਂਦੇ ਕਾਰਜਾਂ ਬਾਰੇ ਜਾਣੂ ਕਰਵਾਇਆ।ਉਹਨਾ ਨੇ ਗ਼ਰਮੀ ਅਤੇ ਬਰਸਾਤੀ ਮੌਸਮ ਵਿਚ ਸਬਜ਼ੀਆਂ ਦੀ ਦੇਖਭਾਲ ਅਤੇ ਵੱਧ ਪੈਦਾਵਾਰ ਲੈਣ ਦੇ ਵੀ ਨੁਕਤੇ ਸਾਂਝੇ ਕੀਤੇ । ਡਾ. ਪਰਮਿੰਦਰ ਸਿੰਘ ਸੰਧੂ, ਫਸਲ ਵਿਗਿਆਨੀ ਨੇ ਸਿੱਧੀ ਬਿਜਾਈ ਵਾਲੇ ਝੋਨੇ ਵਿਚ ਖਾਦ, ਨਦੀਨ ਅਤੇ ਪਾਣੀ ਪ੍ਰਬੰਧ ਬਾਰੇ ਕਿਸਾਨਾਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ. ਪਰਮਿੰਦਰ ਕੌਰ, ਪੌਦਾ ਰੋਗ ਵਿਗਿਆਨੀ ਨੇ ਝੋਨੇ ਵਿੱਚ ਆਉਣ ਵਾਲੇ ਕੀੜੇ ਅਤੇ ਬਿਮਾਰੀਆਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਦੀ ਰੋਕਥਾਮ ਦੇ ਨੁਕਤੇ ਸਾਂਝੇ ਕੀਤੇ। ਡਾ. ਨਵਜੋਤ ਸਿੰਘ ਬਰਾੜ, ਫ਼ਸਲ ਵਿਗਿਆਨੀ ਨੇ ਸਿੱਧੀ ਬਿਜਾਈ ਰਾਹੀਂ ਕਿਸਾਨ ਬਾਸਮਤੀ ਦੀ ਫ਼ਸਲ ਤੋਂ ਵੱਧ ਝਾੜ ਅਤੇ ਆਮਦਨ ਕਿਵੇਂ ਲੈ ਸਕਦੇ ਹਨ, ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਅਨਿਲ ਕੁਮਾਰ, ਭੂਮੀ ਵਿਗਿਆਨੀ ਨੇ ਝੋਨੇ ਦੀ ਸਿੱਧੀ ਬਿਜਾਈ ਵਿੱਚ ਲੋਹੇ ਅਤੇ ਜ਼ਿੰਕ ਦੀ ਘਾਟ ਦੇ ਲੱਛਣ ਅਤੇ ਉਸ ਦੀ ਰੋਕਥਾਮ ਦੇ ਨੁਕਤੇ ਸਾਂਝੇ ਕੀਤੇ। ਡਾ. ਭੁਪਿੰਦਰ ਸਿੰਘ, ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਕਿਸਾਨਾਂ ਨੂੰ ਮਹਿਕਮੇ ਵਲੋਂ ਕਿਸਾਨ ਭਲਾਈ ਦੀਆਂ ਸਕੀਮਾਂ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਯੂਨੀਵਰਸਿਟੀ ਅਤੇ ਵਿਭਾਗ ਨਾਲ ਤਾਲਮੇਲ ਰੱਖਣ। ਡਾ. ਸੰਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਪੱਟੀ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵਲੋਂ ਲਾਹਾ ਲੈਣ ਲਈ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ ਅਤੇ ਉਸ ਵਿੱਚ 15 ਜੁਲਾਈ, 2024 ਤੱਕ ਵਾਧੇ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਸਵਰੀਤ ਖਹਿਰਾ, ਫਲ ਵਿਗਿਆਨੀ ਨੇ ਆਏ ਹੋਏ ਸਾਰੇ ਹੀ ਕਿਸਾਨਾਂ ਅਤੇ ਵੱਖ-ਵੱਖ ਅਦਾਰਿਆਂ ਤੋਂ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ। ਕਿਸਾਨਾਂ ਵਿੱਚ ਇਸ ਕੈਂਪ ਬਾਰੇ ਭਾਰੀ ਉਤਸ਼ਾਹ ਵੇਖਿਆ ਗਿਆ ਅਤੇ ਉਨ੍ਹਾਂ ਵੱਲੋਂ ਅੱਗੇ ਤੋਂ ਵੀ ਇਹੋ ਜਿਹੇ ਪ੍ਰੋਗਰਾਮ ਕਰਨ ਲਈ ਕਿਹਾ ਗਿਆ।