ਗਲੋਕੋਮਾ (ਕਾਲਾ ਮੋਤੀਆ) ਦੀ ਰੋਕਥਾਮ ਲਈ ਸਮਾਂ ਰਹਿੰਦੀਆਂ ਜਾਂਚ ਅਤੇ ਇਲਾਜ ਜ਼ਰੂਰੀ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ

  • ਸਿਵਲ ਹਸਪਤਾਲ ਵਿਖੇ ਮਨਾਇਆ ਗਿਆ ਵਿਸ਼ਵ ਗਲੋਕੋਮਾ ਹਫਤਾ

ਤਰਨ ਤਾਰਨ , 13 ਮਾਰਚ  2025 : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਤਰਨ ਤਾਰਨ,  ਡਾ. ਸਰਬਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਸੰਸਥਾ ਵਿਖੇ ਵਿਸ਼ਵ ਗਲੋਕੋਮਾ ਹਫਤੇ (ਕਾਲੇ ਮੋਤੀਆ) ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਮਾਹਿਰ ਡਾ. ਨਵਨੀਤ ਸਿੰਘ ਵੱਲੋਂ ਅੱਖਾਂ ਦੀ ਜਾਂਚ ਕੀਤੀ ਗਈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਵਿਸ਼ਵ ਗਲੋਕੋਮਾ ਹਫਤਾ ਦੁਨੀਆਂ ਭਰ ਦੇ ਵਿੱਚ ਮਾਰਚ 9 ਤੋਂ ਲੈ ਕੇ ਮਾਰਚ 15 ਤੱਕ ਮਨਾਇਆ ਜਾਂਦਾ ਹੈ ਅਤੇ ਇਸ ਹਫਤੇ ਨੂੰ ਮਨਾਉਣ ਦਾ ਮੁੱਖ ਮੰਤਵ ਨਾਗਰਿਕਾਂ ਨੂੰ ਕਾਲੇ ਮੋਤੀਆ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ  “ਕਿਸੇ ਵੀ ਵਿਅਕਤੀ ਨੂੰ ਗਲੋਕੋਮਾ ਹੋ ਸਕਦਾ ਹੈ, ਪਰ ਕੁਝ ਲੋਕਾਂ ਨੂੰ ਵਧੇਰੇ ਖੱਤਰਾ ਹੁੰਦਾ ਹੈ ਜਿਵੇਂ ਕਿ 60 ਸਾਲ ਤੋਂ ਵੱਧ ਉਮਰ, ਪਰਿਵਾਰਕ ਇਤਿਹਾਸ, ਸਿਹਤ ਸਮੱਸਿਆਵਾਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਦੀ  ਸਮੱਸਿਆ ਹੋਣ ਕਾਰਨ ਵਿਅਕਤੀ ਨੂੰ ਹੋ ਸਕਦਾ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਗਲੋਕੋਮਾ ਤੋਂ ਪੀੜਤ ਹਨ ਅਤੇ ਇਸ ਰੋਗ ਕਾਰਨ ਅੱਖਾਂ ਦੀ ਰੋਸ਼ਨੀ ਗਵਾ ਲੈਂਦੇ ਹਨ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਗਲੋਗੋਮਾ ਤੋਂ ਬਚਣ ਲਈ ਵਿਅਕਤੀ ਵੱਲੋਂ ਸਮੇਂ-ਸਮੇਂ ਸਿਰ ਆਪਣੀ ਅੱਖਾਂ ਦੀ ਜਾਂਚ ਕਰਾਉਣੀ ਬਹੁਤ ਹੀ ਲਾਜ਼ਮੀ ਹੈ ਅਤੇ ਜੇਕਰ ਸਮੇਂ ਨਾਲ ਇਸ ਰੋਗ ਦਾ ਪਤਾ ਚੱਲ ਜਾਵੇ ਤਾਂ ਇਸ ਦਾ ਇਲਾਜ ਵੀ ਸੰਭਵ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਆਈ ਈ ਸੀ ਗਤੀ-ਵਿਧੀਆਂ ਰਾਹੀਂ ਇਸ ਹਫਤੇ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਰਨ ਵਿਖੇ ਸਿਹਤ ਵਿਭਾਗ ਵੱਲੋਂ ਕਾਲਾ ਮੋਤੀਆ ਦਾ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਵਲ ਹਸਪਤਾਲ ਨੂੰ ਐਨ ਸੀ ਟੀ ਮਸ਼ੀਨ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਅੱਖਾਂ ਦੇ ਪ੍ਰੈਸ਼ਰ ਨੂੰ ਆਧੁਨਿਕ ਢੰਗ ਨਾਲ ਪਤਾ ਲਗਾਇਆ ਜਾ ਸਕਦਾ ਹੈ।  ਅੱਖਾਂ ਦੇ ਮਾਹਿਰ ਡਾ. ਨਵਨੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਗਲੋਕੋਮਾ ਦਾ ਇਲਾਜ ਵਧੀਆ ਢੰਗ ਨਾਲ ਦਿੱਤਾ ਜਾ ਰਿਹਾ ਹੈ ਅਤੇ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਅੱਖਾਂ ਦੇ ਪਰਦੇ, ਰੋਸ਼ਨੀ ਦੀ ਜਾਂਚ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਗਲੋਕੋਮਾ ਦੇ ਲੱਛਣਾ  ਦੀ ਜੇਕਰ ਗੱਲ ਕਰੀਏ, ਤਾਂ ਵਿਅਕਤੀ ਘੱਟ ਜਾਂਦੀ ਹੈ, ਪੜ੍ਹਦੇ ਦੇ ਵਿੱਚ ਸਮੱਸਿਆ ਆਉਂਦੀ ਹੈ, ਲਗਾਤਾਰ ਸਿਰ ਦਰਦ ਰਹਿੰਦਾ ਹੈ, ਰੌਸ਼ਨੀ ਦੇ ਆਲੇ-ਦੁਆਲੇ ਰੰਗਦਾਰ ਚੱਕਰ ਵਿਖਾਈ ਦੇਣਾ ਪ੍ਰਮੁੱਖ ਹਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ, ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ, ਆਪ-ਥਾਲਮਿਕ ਅਫਸਰ ਬਲਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਾਠ, ਪਰਮਜੀਤ ਕੌਰ, ਰਮਨਦੀਪ ਕੌਰ, ਜਸਵਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ, ਅਰਵਿੰਦਰ ਸਿੰਘ, ਦਵਿੰਦਰ ਕੌਰ, ਪ੍ਰਿਤਪਾਲ ਸਿੰਘ, ਜੋਤੀ, ਰਜਤ ਸਿੰਘ, ਅਤੇ ਸਨਦੀਪ ਕੌਰ ਆਦਿ ਮੌਜੂਦ ਰਹੇ।