ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ ਵੱਲੋਂ ਮੁਲਾਂਕਣ ਕੇਂਦਰ ਦਾ ਦੌਰਾ

  • ਡਿਊਟੀ ਤੋਂ ਗੈਰ ਹਾਜਰ ਰਹਿਣ ਵਾਲੇ ਅਧਿਆਪਕਾਂ ਨੂੰ ਕੀਤੀ ਤਾੜਨਾ

ਤਰਨ ਤਾਰਨ, 13 ਮਾਰਚ 2025 : ਬੇਸ਼ਕ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਚੱਲ ਰਹੀਆਂ ਹਨ। ਪਰ ਇਸ ਦੇ ਨਾਲ ਹੀ ਵਿਭਾਗ ਵੱਲੋਂ ਹੋ ਚੁੱਕੇ ਪੇਪਰਾਂ ਦਾ ਮੁਲਾਂਕਣ ਸਿੱਖਿਆ ਵਿਭਾਗ ਵੱਲੋਂ ਨਾਲ-ਨਾਲ ਹੀ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਨਾਮ ਸਿੰਘ ਬਾਠ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਠ ਵਿਖੇ ਪ੍ਰੀਖਿਆ  ਮੁਲਾਂਕਣ ਕੇਂਦਰ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਮੁਲਾਂਕਣ ਕਰ ਰਹੇ ਅਧਿਆਪਕ ਸਹਿਬਾਨ ਨੂੰ ਪੂਰੀ ਇਮਾਨਦਾਰੀ ਨਾਲ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਨ ਦੀ ਹਦਾਇਤ ਕੀਤੀ। ਉਹਨਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਨ ਦੌਰਾਨ ਪੂਰੀ ਇਮਾਨਦਾਰੀ ਵਰਤਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਅਸਲ ਭਵਿੱਖ ਅਧਿਆਪਕਾਂ ਦੇ ਹੱਥਾਂ ਵਿੱਚ ਹੁੰਦਾ ਹੈ। ਇਸ ਮੌਕੇ ਉਹਨਾਂ ਡਿਊਟੀ ਤੋਂ ਗੈਰ-ਹਾਜ਼ਰ ਅਧਿਆਪਕਾਂ ਨੂੰ ਤਾੜਨਾ ਦਿੰਦਿਆਂ ਆਪਣੀ ਡਿਊਟੀ ਪ੍ਰਤੀ ਸੰਜ਼ੀਦਗੀ ਵਰਤਣ ਲਈ ਕਿਹਾ । ਉਹਨਾਂ ਸਮੂਹ ਅਧਿਆਪਕਾਂ ਨੂੰ ਆਪਣਾ ਕੰਮ ਸਹੀ ਸਮੇਂ ਸੀਮਾਂ ਅੰਦਰ ਪੂਰਾ ਕਰਨ ਲਈ ਕਿਹਾ। ਇਸ ਮੌਕੇ ਉਹਨਾਂ ਨਾਲ ਸ੍ਰ ਤਰਸੇਮ ਸਿੰਘ, ਜ਼ਿਲ੍ਹਾ ਗਾਈਡੇਂਸ ਕਾਊਂਸਲਰ ਸ੍ਰ ਸੁਖਬੀਰ ਸਿੰਘ ਕੰਗ ਅਤੇ ਸ੍ਰ ਬਿਕਰਮਜੀਤ ਸਿੰਘ ਹਾਜਰ ਸਨ।