ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਸਕੀਮ ਤਹਿਤ ਮੱਕੀ ਦੇ ਬੀਜ ਤੇ ਸਬਸਿਡੀ - ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ

ਅੰਮ੍ਰਿਤਸਰ 20 ਜੂਨ 2024 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਕੀਤੀ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਾਣੀ ਦੀ ਵੱਧ ਵਰਤੋਂ ਹੋਣ ਕਰਕੇ ਝੋਨੇ ਦੀ ਕਾਸ਼ਤ ਸੂਬੇ ਦੇ ਧਰਤੀ ਹੇਠਲੇ ਉਪਲੱਬਧ ਜਲ ਸਰੋਤਾਂ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਪੰਜਾਬ ਦੇ ਲਗਭਗ 80% ਰਕਬੇ ਵਿੱਚੋਂ ਲੋੜ ਤੋਂ ਵੱਧ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਖੇਤੀ ਵਿੱਚ ਵਿਭਿੰਨਤਾ ਲਿਆਉਣ, ਝੋਨੇ ਹੇਠ ਰਕਬਾ ਘਟਾਉਣ ਅਤੇ ਜ਼ਮੀਨ ਦੋਜ ਪਾਣੀ ਦੀ ਬੱਚਤ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਸਕੀਮ ਤਹਿਤ ਮੱਕੀ ਦੇ ਬੀਜ ਤੇ ਸਬਸਿਡੀ ਦਾ ਐਲਾਨ ਕੀਤਾ ਗਿਆ ਹੈ। ਮੁੱਖ ਖੇਤਬਾੜੀ ਅਫਸਰ ਅੰਮ੍ਰਿਤਸਰ ਡਾ. ਤਜਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਸਾਲ ਕਿਸਾਨਾਂ ਨੂੰ ਮੱਕੀ ਦੇ ਬੀਜ ਤੇ 100 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਸਬਸਿਡੀ ਦਿੱਤੀ ਜਾਣੀ ਹੈ। ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਵੀਰਾਂ ਨੂੰ ਵਿਭਾਗ ਦੇ ਆਨਲਾਈਨ ਪੋਰਟਲ www.agrimachinerypb.com ਤੇ ਰਜਿਸਟਰ ਕਰਨਾ ਪਵੇਗਾ ਅਤੇ ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਦੇ ਮੱਕੀ ਬੀਜ ਦੀ ਸਬਸਿਡੀ ਲੈ ਸਕੇਗਾ। ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਮਾਣਤ ਕਿਸਮਾਂ ਜਿਵੇਂ ਕਿ ਪੀ.ਐਮ.ਐੱਚ 13, ਅਡਵਾਂਟਾ 9293, ਅਡਵਾਂਟਾ 764, ਪੀ 3302, ਲਕਸ਼ਮੀ 333, ਡੀ.ਕੇ.ਸੀ 9106, 9125, 9144, ਪੀ.ਐਮ.ਐੱਚ 2255 ਆਦਿ ਤੇ ਹੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਰਾਜ ਵਿੱਚ ਝੋਨੇ ਹੇਠੋਂ ਰਕਬਾ ਘਟਾਉਣ ਅਤੇ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਖੇਤਾਂ ਵਿਚ  ਮੱਕੀ ਦੇ  ਪ੍ਰਦਰਸ਼ਨੀ ਪਲਾਟ ਬਿਜਵਾਏ ਜਾਣਗੇ ਅਤੇ ਕਿਸਾਨ ਨੂੰ 6000 ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਇੰਨਪੁੱਟਸ ਦੇ ਰੂਪ ਵਿਚ ਦਿੱਤੀ ਜਾਵੇਗੀ, ਪ੍ਰਦਰਸ਼ਨੀਆਂ ਲਈ ਵਰਤੇ ਜਾਣ ਵਾਲੇ ਇਨਪੁਟਸ (ਜਿਵੇਂ ਕਿ ਬੀਜ, ਨਦੀਨਨਾਸ਼ਕ, ਕੀਟਨਾਸ਼ਕ ਅਤੇ ਜ਼ਿੰਕ ਸਲਫੇਟ ਆਦਿ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ਾਂ ਅਨੁਸਾਰ ਵਰਤੇ ਜਾਣਗੇ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਵਿਭਾਗ ਵੱਲੋਂ ਮੱਕੀ ਦੇ 300 ਪ੍ਰਦਰਸ਼ਨੀ ਪਲਾਟ ਬਿਜਾਏ ਜਾਣਗੇ। ਕਿਸਾਨ ਵੱਲੋਂ ਆਪਣੀ ਪਸੰਦ ਅਨੁਸਾਰ ਡੀਲਰ ਤੋਂ ਆਪਣੇ ਪੱਧਰ ਤੇ ਇਨਪੁਟਸ ਖਰੀਦ ਕਰਕੇ ਖਰੀਦ ਬਿੱਲ ਸਬੰਧਤ ਬਲਾਕ ਪੱਧਰ ਤੇ ਖੇਤੀਬਾੜੀ ਵਿਭਾਗ ਦੇ ਦਫਤਰ ਵਿੱਖੇ ਜਮ੍ਹਾ ਕਰਵਾਇਆ ਜਾਵੇਗਾ। ਬਿੱਲ ਮੁਤਾਬਿਕ ਬੀਜ ਦੀ ਖਰੀਦ ਦੀ ਮਿਤੀ 20 ਮਈ 2024 ਤੌ 25 ਜੂਨ 2024 ਤੱਕ ਹੋਣੀ ਚਾਹੀਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਾਣੀ ਦੀ ਬਚੱਤ ਲਈ ਝੋਨੇ ਹੇਠੋਂ ਰਕਬਾ ਘਟਾਇਆ ਜਾਵ ਅਤੇ ਮੱਕੀ ਦੀ ਕਾਸ਼ਤ ਕੀਤੀ ਜਾਵੇ, ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਬਲਾਕ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।