ਖਾਧ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਵਿਰੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ-ਵਧੀਕ ਡਿਪਟੀ ਕਮਿਸ਼ਨਰ

  • ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ

ਤਰਨ ਤਾਰਨ, 26 ਜੁਲਾਈ 2024 : ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਵਰਿੰਦਰਪਾਲ ਸਿੰਘ  ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਵਿਖੇ ਫੂਡ ਸੇਫਟੀ ਦੀ ਜ਼ਿਲ੍ਹਾ ਪੱਧਰੀ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਭਰਤ ਭੂਸ਼ਣ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਹਰ ਫੂਡ ਉਪਰੇਟਰ ਲਈ ਫੂਡ ਦਾ ਲਾਇਸੰਸ ਅਤੇ ਰਜ਼ਿਸਟ੍ਰੇਸ਼ਨ ਲਾਜ਼ਮੀ ਹੈ। ਜੇਕਰ ਕੋਈ ਵੀ ਦੁਕਾਨਦਾਰ, ਰੈਸਟੋਰੈੱਟ, ਢਾਬੇ ਵਾਲਾ, ਲਾਇਸੰਸ ਜਾਂ ਰਜ਼ਿਸਟ੍ਰੇਸ਼ਨ ਲਈ ਅਪਲਾਈ ਨਹੀਂ ਕਰਦਾ ਤਾਂ ਉਸਦੇ ਉੱਪਰ ਫੂਡ ਐੱਕਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਨ੍ਹਾਂ ਨੇ  ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਵੀ ਫੂਡ ਸੇਫਟੀ ਦਾ ਰਜ਼ਿਸਟ੍ਰੇਸ਼ਨ ਕਰਵਾਉਣ ਲਈ ਹਦਾਇਤ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਕੂਲਾਂ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਿ ਸਕੂਲਾਂ ਵਿੱਚ ਫੂਡ ਸੇਫਟੀ ਦੀ ਰਜ਼ਿਸਟ੍ਰੇਸ਼ਨ ਜਲਦ ਤੋਂ ਜਲਦ ਕਰਵਾਈ ਜਾਵੇ ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਨੂੰ ਫੂਡ ਸੇਫਟੀ ਦੀਆਂ ਹਦਾਇਤਾਂ ਅਨੁਸਾਰ ਬਣਾਇਆ ਜਾਵੇ।ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਮੋਟੇ ਅਨਾਜ ਮਿਲਟਸ ਨੂੰ ਆਪਣੀ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਮੋਟੇ ਅਨਾਜ ਦੀ ਪੈਦਾਵਾਰ ਵਧਾਉਣੀ ਚਾਹੀਦੀ ਹੈ, ਜਿਸ ਨੂੰ ਉਗਾਉਣ ਵਿੱਚ ਪਾਣੀ ਵੀ ਘੱਟ ਇਸਤੇਮਾਲ  ਹੁੰਦਾ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਆਏ ਡੇਅਰੀਆਂ ਦੇ ਨੁਮਾਇੰਦੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਹਦਾਇਤ ਕੀਤੀ ਗਈ ਕਿ ਉਹ ਜ਼ਿਲ੍ਹਾ ਤਰਨ ਤਾਰਨ ਦੇ ਲੋਕਾਂ ਨੂੰ ਮਿਲਾਵਟ ਰਹਿਤ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਸਪਲਾਈ ਕਰਨਾ ਯਕੀਨੀ ਬਣਾਉਣ ਅਤੇ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਤਰਨ ਤਾਰਨ ਡਾ. ਭਾਰਤ ਭੂਸ਼ਣ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਲਾਵਟ ਰਹਿਤ ਅਤੇ ਸਵੱਛ ਖ਼ਾਦ ਪਦਾਰਥ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ ਅਤੇ ਨਿਰੰਤਰ ਇਸ ਵਾਸਤੇ ਉਪਰਾਲੇ ਕਰ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ (ਕੰਨਵੀਨਰ) ਨੇ ਸਾਰੇ ਮੈਂਬਰਾਂ ਨੂੰ ਜੂਨ ਮਹੀਨੇ ਵਿੱਚ ਫੂਡ ਸੇਫ਼ਟੀ ਦੀਆਂ ਹੋਈਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਵਾਇਆ ਅਤੇ ਮੋਟੇ ਅਨਾਜ ਦੀਆਂ ਖੂਬੀਆਂ ਅਤੇ ਹੋਣ ਵਾਲੇ ਫਾਇਦਿਆਂ ਨੂੰ ਸਾਰਿਆ ਨਾਲ ਸਾਂਝਾ ਕੀਤਾ।ਫੂਡ ਸੇਫਟੀ ਆੱਨ ਵੀਲਜ਼ ਵੈੱਨ ਬਾਰੇ ਜਾਣਕਾਰੀ ਦਿੰਦਿਆ ਹੋਇਆ ਡਾ. ਸੁਖਬੀਰ ਕੌਰ ਨੇ  ਕਿਹਾ ਕਿ ਜਨਵਰੀ 2024 ਤੋਂ ਤਰਨ ਤਾਰਨ ਦੀ ਫੂਡ ਸੇਫ਼ਟੀ ਆੱਨ ਵੀਲਸ ਉਪਰੇਸ਼ਨਲ ਹੋ ਗਈ ਹੈ ਅਤੇ ਉਹ ਵੱਖ-ਵੱਖ ਪਿੰਡਾਂ ਵਿੱਚ ਅਤੇ ਸਕੂਲਾਂ ਵਿੱਚ ਅਵੇਰਨੈਸ ਟੈਸਟਿੰਗ ਅਤੇ ਟਰੇਨਿੰਗ ਦਾ ਕੰਮ ਕਰ ਰਹੀ ਹੈ।