ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ ਮੀਟਿੰਗ

ਤਰਨਤਾਰਨ, 15 ਜੁਲਾਈ 2024 : ਜ਼ਿਲ੍ਹਾ ਤਰਨ ਤਾਰਨ ਵਿੱਚ ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਸੰਦੀਪ ਕੁਮਾਰ ਵੱਲੋੰ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਤਹਿਸੀਲ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਸਿਸਟਮ ਮੈਨੇਜਰ ਰਮਨ ਮਲਹੋਤਰਾ ਅਤੇ ਸਦਰ ਕਾਨੂੰਨਗੋ ਸ੍ਰੀ ਰਮਨ ਕੁਮਾਰ ਤੋਂ ਇਲਾਵਾ ਮਾਲ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਕੰਮਕਾਜ਼ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਅਧਿਕਾਰੀਆਂ ਨੂੰ ਬਕਾਇਆ ਪਏ ਕੇਸਾਂ ਦੇ ਜਲਦੀ ਨਿਪਟਾਰੇ ਤੇ ਫੁਟਕਲ ਬਕਾਇਆਂ ਦੀ ਵਸੂਲੀ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਗਏ।ਉਨਾਂ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲੇ ਵਿੱਚ ਬਕਾਇਆ ਪਈਆਂ ਜਮ੍ਹਾਬੰਦੀਆਂ ਜਲਦੀ ਤੋਂ ਜਲਦੀ ਦਾਖਲ ਕਰਨੀਆਂ ਯਕੀਨੀ ਬਣਾਈਆਂ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਅਧਿਕਾਰੀ ਮਿੱਥੇ ਗਏ ਟੀਚੇ ਅਨੁਸਾਰ ਕੇਸਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਤਰਾਂ ਦੇ ਕੰਮ ਲਈ ਪਰੇਸ਼ਾਨੀ ਪੇਸ਼ ਨਹੀਂ ਆਉਣੀ ਚਾਹੀਦੀ। ਇਸ ਮੌਕੇ ਉਨਾਂ ਤਕਸੀਮ ਦੇ ਅਦਾਲਤੀ ਕੇਸਾਂ, ਜ਼ਮੀਨ ਦੇ ਖਾਨਗੀ ਵੰਡ ਦੇ ਕੇਸਾਂ, ਝਗੜੇ ਤੋਂ ਰਹਿਤ ਅਤੇ ਝਗੜੇ ਵਾਲੇ ਇੰਤਕਾਲਾਂ, ਜਮਾਂਬੰਦੀ ਅਤੇ ਵਸੀਕਾ ਦੇ ਨਿਪਟਾਰੇ ਸਬੰਧੀ ਅਫ਼ਸਰ ਵਾਰ ਜਾਣਕਾਰੀ ਲਈ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।ਇਸੇ ਤਰਾਂ ਉਨਾਂ ਤਹਿਸੀਲ ਵਾਰ ਵਸੂਲੀ ਦੇ ਕੰਮ ਦਾ ਜਾਇਜ਼ਾ ਵੀ ਲਿਆ।