ਮਾਨਯੋਗ ਸੁਪਰੀਮ ਕੋਰਟ ਵਿੱਚ 29 ਜੁਲਾਈ ਤੋਂ 03 ਅਗਸਤ 2024 ਤੱਕ ਲਗਾਈ ਜਾਵੇਗੀ ਸਪੈਸ਼ਲ ਲੋਕ ਅਦਾਲਤ-ਜ਼ਿਲ੍ਹਾ ਤੇ  ਸੈਸ਼ਨਜ਼ ਜੱਜ

ਤਰਨ ਤਾਰਨ, 03 ਜੁਲਾਈ 2024 : ਜ਼ਿਲ੍ਹਾ ਅਤੇ  ਸੈਸ਼ਨਜ਼ ਜੱਜ ਤਰਨ ਤਾਰਨ ਸ੍ਰੀ ਕੰਵਲਜੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਿਤੀ 29 ਜੁਲਾਈ, 2024 ਤੋਂ ਮਿਤੀ 03 ਅਗਸਤ, 2024 ਤੱਕ ਮਾਣਯੋਗ ਸੁਪਰੀਮ ਕੋਰਟ ਵਿਖੇ ਸਪੈਸ਼ਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਵੱਖ-ਵੱਖ ਕੈਟਾਗਰੀਆਂ ਜਿਵੇਂ ਕਿ ਲੇਬਰ ਨਾਲ ਸਬੰਧਿਤ ਮਾਮਲੇ, ਚੈੱਕ ਨਾਲ ਸਬੰਧਿਤ ਮਾਮਲੇ (138 ਐੱਨ.ਆਈ. ਐਕਟ), ਐਕਸੀਡੈਂਟ ਕਲੇਮ ਕੇਸ (ਮੋਟਰ ਐਕਸੀਡੈਂਟ ਕਲੇਮ), ਹੋਰ ਮੁਆਵਜ਼ੇ ਦੇ ਮਾਮਲੇ, ਪਰਿਵਾਰਕ ਕਾਨੂੰਨੀ ਮਾਮਲੇ, ਸਰਵਿਸਿਜ਼ ਸਬੰਧੀ ਮਾਮਲੇ, ਰੈਂਟ ਸਬੰਧੀ ਮਾਮਲੇ, ਅਕਾਦਮਿਕ ਮਾਮਲੇ, ਮੇਨਟੇਨੈਂਸ ਨਾਲ ਸਬੰਧਿਤ ਮੁੱਦੇ,  ਮਾਰਟਗੇਜ ਨਾਲ ਸਬੰਧਿਤ ਮਾਮਲੇ,  ਖਪਤਕਾਰ ਸੁਰੱਖਿਆ ਦੇ ਮਾਮਲੇ, ਤਬਾਦਲਾ ਪਟੀਸ਼ਨ (ਦੀਵਾਨੀ ਅਤੇ ਫ਼ੌਜਦਾਰੀ),  ਰਕਮ ਵਸੂਲੀ ਸਬੰਧੀ ਮਾਮਲੇ, ਕਰਿਮੀਨਲ ਕੰਪਾਉਂਡੇਬਲ ਮਾਮਲੇ, ਜ਼ਮੀਨੀ ਵਿਵਾਦਾਂ ਨਾਲ ਸਬੰਧਿਤ ਮਾਮਲੇ ਅਤੇ ਹੋਰ ਸਿਵਲ ਮਾਮਲੇ ਜੋ ਮਾਨਯੋਗ ਸੁਪਰੀਮ ਕੋਰਟ ਵਿੱਚ ਲੰਬਿਤ ਹਨ ਦਾ ਆਪਸੀ ਰਜ਼ਾਮੰਦੀ ਨਾਲ ਫ਼ੈਸਲਾ ਕਰਵਾਇਆ ਜਾਵੇਗਾ। ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਤਰਨ ਤਾਰਨ ਨੇ ਆਮ ਪਬਲਿਕ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇਕਰ ਤੁਹਾਡਾ ਕੇਸ ਸੁਪਰੀਮ ਕੋਰਟ ਵਿੱਚ ਲੰਬਿਤ ਹੈ ਅਤੇ ਤੁਸੀਂ ਦੂਜੀ ਧਿਰ ਨਾਲ ਸਮਝੌਤੇ ਉਪਰੰਤ ਸੁਪਰੀਮ ਕੋਰਟ ਵਿੱਚ ਲੱਗਣ ਵਾਲੀ ਸਪੈਸ਼ਲ ਲੋਕ ਅਦਾਲਤ ਰਾਹੀਂ ਆਪਣੇ ਕੇਸਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਤਰਨ ਤਾਰਨ ਦੇ ਦਫ਼ਤਰ ਵਿੱਚ ਜਲਦੀ ਤੋਂ ਜਲਦੀ ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰਕੇ ਕੇਸ ਦਾ ਨਿਪਟਾਰਾ ਕਰਵਾ ਸਕਦੇ ਹੋ। ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਤਰਨ ਤਾਰਨ ਮਿਸ ਸ਼ਿਲਪਾ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵਿਖੇ ਲਗਾਈ ਜਾਣ ਵਾਲੀ ਸਪੈਸ਼ਲ ਲੋਕ ਅਦਾਲਤ ਸਬੰਧੀ ਕਿਸੇ ਵੀ ਪ੍ਰਕਾਰ ਦੀ ਪੁੱਛਗਿੱਛ ਲਈ ਦਫ਼ਤਰ ਦੇ ਫ਼ੋਨ ਨੰਬਰ 01852-223291 ਜਾਂ ਈ-ਮੇਲ ਆਈ. ਡੀ. dlsa.tt@punjab.gov.in ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।