ਐਸ.ਡੀ.ਐਮ ਫ਼ਤਿਹਗੜ੍ਹ ਚੂੜੀਆਂ ਵੀਰਪਾਲ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ

  • ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸੈਮੀਨਾਰ

ਫ਼ਤਿਹਗੜ੍ਹ ਚੂੜੀਆਂ, 13 ਮਾਰਚ 2025 : ਡੀ.ਡੀ.ਆਈ ਸਕੂਲ ਪਿੰਡੀ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਇਕ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਬਲਾਕ ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਮੈਨੇਜਮੈਂਟ ਅਤੇ ਡਰਾਈਵਰਾਂ ਨੇ ਆਪਣੀ ਹਾਜ਼ਰੀ ਯਕੀਨੀ ਬਣਾਈ। ਇਸ ਮੌਕੇ ਐਸ.ਡੀ.ਐਮ ਫ਼ਤਿਹਗੜ੍ਹ ਚੂੜੀਆਂ ਵੀਰਪਾਲ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿੰਨ੍ਹਾਂ ਦਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਇੰਦਰਜੀਤ ਸਿੰਘ ਭਾਟੀਆ, ਡਾਇਰੈਕਟਰ ਐਕਮੀ ਭਾਟੀਆ, ਵਾਈਸ ਪ੍ਰਿੰਸੀਪਲ ਸਵਲੀਨ ਕੌਰ ਭਾਟੀਆ ਅਤੇ ਵੱਖ-ਵੱਖ ਵਿਭਾਗਾਂ ਤੋਂ ਪਹੁੰਚੇ ਅਧਿਕਾਰੀਆਂ ਨੇ ਸਵਾਗਤ ਕੀਤਾ। ਇਸ ਮੌਕੇ ਐਸ.ਡੀ.ਐਮ ਵੀਰਪਾਲ ਕੌਰ ਨੇ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਲਈ ਡਰਾਈਵਰਾਂ ਅਤੇ ਸਕੂਲਾਂ ਨੂੰ ਜ਼ੋਰ ਦੇਣ ਲਈ ਕਿਹਾ ਤੇ ਬੱਚਿਆਂ ਦੀ ਸੇਫਟੀ ਨੂੰ ਮੁੱਖ ਰੱਖਦਿਆਂ ਸਮੇਂ-ਸਮੇਂ ਸਰਕਾਰ ਦੀ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਆਪਣੀ ਜਾਨ ਨੂੰ ਬਚਾਉਣਾ ਹੈ ਅਤੇ ਸਾਵਧਾਨੀਆਂ ਵਰਤ ਕੇ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਹਨਾਂ ਦੀ ਸੁਰੱਖਿਆ ਹਰ ਹਾਲ ਵਿੱਚ ਜ਼ਰੂਰੀ ਹੈ। ਐਸ.ਡੀ.ਐਮ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ’ ਵਿਰੁੱਧ ਮੁਹਿੰਮ ਵਿੱਚ ਸਭ ਦਾ ਸਹਿਯੋਗ ਵੀ ਮੰਗਿਆ। ਸੈਮੀਨਾਰ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸੁਨੀਲ ਜੋਸ਼ੀ ਨੇ ਟ੍ਰੈਫਿਕ ਦੇ ਨਿਯਮਾਂ ਬਾਰੇ ਪ੍ਰਿੰਸੀਪਲਾਂ, ਮੈਨੇਜਮੈਂਟ ਅਤੇ ਡਰਾਈਵਰਾਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਇਸ ਪਾਲਿਸੀ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕੋਈ ਸਕੂਲੀ ਵਾਹਨ ਨਾਲ ਹਾਦਸਾ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਸਕੂਲ ਦੀ ਹੋਵੇਗੀ। ਉਨ੍ਹਾਂ ਡਰਾਈਵਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਾਹਨਾਂ ਦੀ ਸਮੇਂ-ਸਮੇਂ ਜਾਂਚ ਕਰਵਾਉਂਦੇ ਰਹਿਣ ਤਾਂ ਜੋ ਕਿਸੇ ਵਕਤ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਾਹਨ ਪਾਲਿਸੀ ਅਧੀਨ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣ ਅਤੇ ਬੱਚਿਆਂ ਦੀ ਸੇਫਟੀ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ ਅਤੇ 18 ਸਾਲ ਤੋਂ ਘੱਟ ਵਾਹਨ ਚਲਾਉਣ ਵਾਲੇ ਸਕੂਲੀ ਵਿਦਿਆਰਥੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਜਾਂ ਡਰਾਈਵਰ ਇਸ ਪਾਲਿਸੀ ਦੇ ਉਲਟ ਚੱਲਣਗੇ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਆਖਰ ਵਿੱਚ ਵਾਈਸ ਪ੍ਰਿੰਸੀਪਲ ਸਵਲੀਨ ਕੌਰ ਭਾਟੀਆ ਨੇ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਇਸ ਪਾਲਿਸੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਸਕੂਲ ਮੈਨੇਜਮੈਂਟ ਵੱਲੋਂ ਐਸ.ਡੀ.ਐਮ ਵੀਰਪਾਲ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰਾਜੇਸ਼ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸੁਨੀਲ ਜੋਸ਼ੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ, ਸੀ.ਡੀ.ਪੀ.ਓ ਫ਼ਤਿਹਗੜ੍ਹ ਚੂੜੀਆਂ ਰਸ਼ਪਾਲ ਕੌਰ, ਸੀ.ਡੀ.ਪੀ.ਓ ਡੇਰਾ ਬਾਬਾ ਨਾਨਕ ਕਮਲਜੀਤ ਕੌਰ ਅਤੇ ਟ੍ਰੈਫਿਕ ਇੰਚਾਰਜ ਬਟਾਲਾ ਸੁਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।