ਗੁਰਦਾਸਪੁਰ ਜ਼ਿਲ੍ਹੇ ਵਿੱਚ ਪਲਸ ਪੋਲੀਓ ਮੁਹਿੰਮ 3 ਮਾਰਚ ਤੋਂ

  • ਕਰੀਬ 1.5 ਲੱਖ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਦੀ ਦਵਾਈ ਪਿਲਾਉਣ ਦਾ ਟੀਚਾ : ਵਧੀਕ ਡਿਪਟੀ ਕਮਿਸ਼ਨਰ

ਗੁਰਦਾਸਪੁਰ, 27 ਫਰਵਰੀ : ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਟਾਸਕ ਫੋਰਸ ਫ਼ਾਰ ਇਮੂਨਾਈਜੇਸ਼ਨ ਕਮੇਟੀ ਨਾਲ ਮੀਟਿੰਗ ਹੋਈ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ 03 ਮਾਰਚ ਤੋਂ ਸ਼ੁਰੂ ਹੋ ਰਹੀ ਪਲਸ ਪੋਲੀਓ ਮੁਹਿੰਮ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ ਗਈ। ਇਸ ਤਹਿਤ ਸਿਹਤ ਵਿਭਾਗ ਵੱਲੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 03 ਮਾਰਚ ਤੋਂ 05 ਮਾਰਚ ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ 48 ਟਰਾਂਜ਼ਿਟ ਬੂਥ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਘਰ-ਘਰ ਜਾ ਕੇ ਬੱਚਿਆਂ ਨੂੰ ਪਲਸ ਪੋਲੀਓ ਦੀ ਬੂੰਦਾਂ ਪਿਲਾਉਣ ਲਈ 1912 ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ 24 ਮੋਬਾਈਲ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੱਸ ਸਟੈਂਡਾਂ, ਪਿੰਡਾਂ, ਪ੍ਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ, ਝੁੱਗੀਆਂ ਅਤੇ ਭੱਠਿਆਂ ਤੱਕ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਹੁੰਚ ਕੇ 5 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਨਰਸਿੰਗ ਹੋਮ ਅਤੇ ਹਸਪਤਾਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਲਸ ਪੋਲੀਓ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਅਤੇ ਆਪਣੀਆਂ ਸੰਸਥਾਵਾਂ ਵਿੱਚ ਦਾਖਲ 0-5 ਸਾਲ ਦੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਉਣੀਆਂ ਯਕੀਨੀ ਬਣਾਉਣ। ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਅਤੇ ਸਵੈ-ਸੇਵੀ ਸੰਸਥਾਵਾਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਇਹ ਬੂੰਦਾਂ ਜ਼ਰੂਰ ਪਿਲਾਉਣ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟੀਕਾਕਾਰਨ ਸੰਬੰਧੀ ਜਾਣਕਾਰੀ ਯੂ ਵਿਨ ਪੋਰਟਲ 'ਤੇ ਵੀ ਅੱਪਲੋਡ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡੀ ਆਈ ਓ ਡਾ. ਅਰਵਿੰਦ ਮੰਚਨਦਾ, ਡੀ ਐੱਚ ਓ ਡਾ. ਸਵਿਤਾ, ਡੀ ਡੀ ਐੱਚ ਓ ਡਾ. ਲੋਕੇਸ਼, ਸਿਹਤ ਵਿਭਾਗ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।