ਅੰਮ੍ਰਿਤਸਰ 10 ਜੁਲਾਈ : ਬੇਲੋੜੀ ਬਾਰਸ਼ ਤੇ ਆਏ ਹੜ੍ਹ ਕਾਰਨ ਬਹੁਤ ਵੱਡੀ ਪੱਧਰ ਤੇ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਵਿਚ ਭਾਰੀ ਨੁਕਸਾਨ ਹੋਇਆ ਹੈ ਬਹੁਤ ਸਾਰੇ ਲੋਕ ਘਰਾਂ ਤੇ ਬੇਘਰ ਹੋ ਗਏ ਹਨ ਹੋਏ ਮਾਲੀ ਨੁਕਸਾਨ ਦਾ ਕੋਈ ਅਨੁਮਾਨ ਨਹੀਂ ਹੈ ਜਿਸ ਦੀ ਭਰਪਾਈ ਹੋ ਸਕਣੀ ਅਸੰਭਵ ਹੈ। ਇਸ ਔਖੀ ਘੜੀ ਵਿੱਚ ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਆਪਣੇ ਪੁਰਖਿਆਂ ਦੇ ਪੁਰਾਤਨ ਇਤਿਹਾਸ ਨੂੰ ਦਹਿਰਾਉਂਦਿਆਂ ਹੜ੍ਹ ਪੀੜਤ ਲੋਕਾਂ ਦਾ ਦੁਖ ਵੰਡਾਉਣ ਲਈ ਲੋੜੀਂਦੀ ਸਹਾਇਤਾ ਵੰਡਣ ਦਾ ਫੈਸਲਾ ਲਿਆ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਆਪਣੇ ਨਿਜੀ ਖਜਾਨੇ ਵਿਚੋਂ ਤੇ ਬੁੱਢਾ ਦਲ ਦੇ ਪ੍ਰ੍ਰਬੰਧ ਅਧੀਨ ਚਲ ਰਹੇ ਬੁੱਢਾ ਦਲ ਪਬਲਿਕ ਸਕੂਲਾਂ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਮੁਲਾਜ਼ਮਾਂ ਨੇ ਆਪਣੀ ਇੱਕ-ਇੱਕ ਦਿਨ ਦੀ ਤਨਖਾਹ ਦੇਣ ਅਤੇ ਵਿਦਿਆਰਥੀਆਂ ਨੇ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਵੱਡਾ ਉਤਸ਼ਾਹ ਦਿਖਾਇਆ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਰੀ ਇਕ ਪੈ੍ਰਸ ਨੋਟ ਰਾਹੀਂ ਜਾਣਕਾਰੀ ਦਿਤੀ ਹੈ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਮੁਖੀ ਬੁੱਢਾ ਦਲ ਨੇ ਆਪਣੇ ਵਿਤੀ ਖਜਾਨੇ ਵਿਚੋ ਅਤੇ ਬੁੱਢਾ ਦਲ ਦੇ ਪ੍ਰਬੰਧ ਅਧੀਨ ਚਲਦੇ ਪਬਲਿਕ ਸਕੂਲਾਂ ਪਟਿਆਲਾ, ਜ਼ੀਰਕਪੁਰ ਅਤੇ ਸਮਾਣਾ ਸਕੂਲਾਂ ਦੇ ਸਾਰੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਇੱਕ-ਇੱਕ ਦਿਨ ਦੀ ਤਨਖਾਹ ਹੜ੍ਹ ਪੀੜਤ ਰਾਹਤ ਫੰਡ ਲਈ ਦਿੱਤੀ ਹੈ।ਇਸੇ ਤਰ੍ਹਾਂ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਜਥਾਸ਼ਕਤ ਆਪਣਾ ਯੋਗਦਾਨ ਪਾਉਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤ ਖੇਤਰ ਵਿੱਚ ਜਿਥੇ ਜਿਆਦਾ ਲੋਕ ਪ੍ਰਭਾਵਤ ਹੋਏ ਹਨ ਦੀ ਸਹਾਇਤਾ ਲਈ ਬੁੱਢਾ ਦਲ ਦੇ ਨਿਹੰਗ ਸਿੰਘ ਪਹੁੰਚ ਕਰਨਗੇ।ਉਨ੍ਹਾਂ ਦੱਸਿਆ ਕਿ ਲੋੜੀਂਦੀਆਂ ਵਸਤਾਂ ਸਭ ਇਕੱਤਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਰਸੋਈ ਰਸਦਾਂ ਅਤੇ ਬਿਸਤਰ ਵਸਤਾਂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਹੜ੍ਹ ਦੀ ਮਾਰ ਹੇਠ ਆਏ ਹਨ ਉਨ੍ਹਾਂ ਤੇ ਅਨ ਐਲਾਨਿਆਂ ਅਸਹਿ ਤੇ ਅਕਹਿ ਕੁਦਰਤੀ ਆਫਤ ਦਾ ਕਹਿਰ ਟੁੱਟਾ ਹੈ। ਨਿਹੰਗ ਸਿੰਘ ਦਲ ਇਸ ਦੁਖਾਂਤ ਦੀ ਘੜੀ ਵਿੱਚ ਉਨ੍ਹਾਂ ਨਾਲ ਯਥਾਸ਼ਕਤ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਨਾਲ ਹੀ ਸਾਰੀਆਂ ਸੰਸਥਾਵਾਂ, ਸਭਾ ਸੁਸਾਇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਦਿਲ ਖੋਹਲ ਕੇ ਵੱਧ ਚੜ੍ਹ ਕੇ ਸਹਾਇਤਾ ਲਈ ਅੱਗੇ ਆਉਣ।