ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਨੌਸ਼ਹਿਰਾ ਮੱਝਾਂ ਸਿੰਘ ਵਿਖੇ 17 ਲੱਖ ਦੀ ਲਾਗਤ ਨਾਲ ਬਣਨ ਵਾਲੇ ਮਸੀਹੀ ਪਾਰਕ ਅਤੇ ਜੰਝ ਘਰ ਦਾ ਨੀਂਹ ਪੱਥਰ ਰੱਖਿਆ

ਬਟਾਲਾ, 12 ਅਪ੍ਰੈਲ 2025 : ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ, ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਪਿੰਡ ਨੌਸ਼ਹਿਰਾ ਮੱਝਾਂ ਸਿੰਘ ਵਿਖੇ 17 ਲੱਖ ਦੀ ਲਾਗਤ ਨਾਲ ਬਣਨ ਵਾਲੇ ਮਸੀਹੀ ਪਾਰਕ ਅਤੇ ਜੰਝ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਗੁੁਰਮੀਤ ਸਿੰਘ ਚਾਹਲ, ਬੀਡੀਪੀਓ, ਸਰਪੰਚ ਮਨਦੀਪ ਕੋਰ,ਜਿਲ੍ਹਾ ਯੂਥ ਆਗੂ ਮਨਦੀਪ ਸਿੰਘ ਗਿੱਲ ਅਤੇ ਪਾਰਟੀ ਦੀ ਸਮੁੱਚੀ ਟੀਮ ਮੌਜੂਦ ਸੀ। ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਨ੍ਹਾਂ ਵਲੋਂ ਪਿੰਡਾਂ ਅੰਦਰ ਲੋਕਾਂ ਦੀ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡਾਂ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾ ਰਹੀ ਹੈ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਪਈਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਪਿੰਡਾਂ ਅੰਦਰ ਗੰਦੇ ਪਾਣੀ ਦੀ ਨਿਕਾਸੀ ਲਈ ਥਾਪਰ ਮਾਡਰ ਤਹਿਤ ਛੱਪੜ ਬਣਾਏ ਜਾ ਰਹੇ ਹਨ। ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਉਸਾਰੇ ਗਏ ਗਏ ਹਨ। ਲੋਕਾਂ ਦੀ ਸਹੂਲਤ ਲਈ ਗਲੀਆਂ ਤੇ ਡੇਰਿਆਂ ਦੇ ਰਸਤੇ ਪੱਕੇ ਕੀਤੇ ਗਏ ਹਨ। ਪਿੰਡਾਂ ਅੰਦਰ ਸਟੀਰਟ ਲਾਈਟਸ ਲਗਾਈਆਂ ਜਾ ਰਹੀਆਂ ਹਨ। ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਿੰਡਾਂ ਅੰਦਰ ਪਾਰਕਾਂ ਦੀ ਉਸਾਰੀ ਕਰਵਾਈ ਗਈ ਹੈ, ਜਿਥੇ ਲੋਕ ਸਵੇਰੇ ਤੇ ਸ਼ਾਮ ਵੇਲੇ ਸੈਰ ਕਰਦੇ ਹਨ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਉਹ ਹਲਕੇ ਦੇ ਹਰ ਪਿੰਡ ਦਾ ਵਿਕਾਸ ਪਾਰਦਰਸ਼ੀ ਢੰਗ ਕਰਵਾਉਣ ਲਈ ਵਚਨਬੱਧ ਹਨ ਅਤੇ ਇਸੇ ਤਰਾਂ ਵਿਕਾਸ ਕਾਰਜਾਂ ਦੀ ਰਫਤਾਰ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਕਈ ਸਾਲਾਂ ਤੋਂ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ।