ਪ੍ਰਵਾਸੀ ਲੇਖਕ ਅਤੇ ਚਿੰਤਕ ਪ੍ਰੋ. ਜਗੀਰ ਸਿੰਘ ਕਾਹਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ

  • ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸਾਧਨਾਂ ਦੇ ਹੁੰਦਿਆਂ ਉੱਚ ਸਿੱਖਿਆਂ ਪ੍ਰਾਪਤ ਕਰਕੇ ਅਧਿਆਪਨ ਅਤੇ ਸਾਹਿਤੱਕ ਖੇਤਰ ਵਿੱਚ ਨਾਮਣਾ ਖੱਟਿਆ

ਬਟਾਲਾ, 14 ਫਰਵਰੀ 2025 : ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ (ਰਜਿ) ਵੱਲੋਂ ਅੱਜ ਪ੍ਰਵਾਸੀ ਲੇਖਕ ਅਤੇ ਚਿੰਤਕ ਪ੍ਰੋ. ਜਗੀਰ ਸਿੰਘ ਕਾਹਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ.ਅਨੂਪ ਸਿੰਘ, ਡਾ.ਪਰਮਜੀਤ ਸਿੰਘ ਕਲਸੀ, ਦੇਵਿੰਦਰ ਦੀਦਾਰ ਅਤੇ ਹਰਜਿੰਦਰ ਸਿੰਘ ਕਲਸੀ ਸ਼ਾਮਲ ਸਨ। ਪ੍ਰੋਗਰਾਮ ਦੇ ਆਰੰਭ ਵਿੱਚ ਸੁਸਾਇਟੀ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਮਹਿਮਾਨਾਂ ਅਤੇ ਸ਼ਾਇਰਾਂ ਦਾ ਸੁਆਗਤ ਕਰਕੇ ਸਨਮਾਨ ਸ਼ਖਸੀਅਤ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ  ਦਿੰਦਿਆਂ ਕਿਹਾ ਕਿ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਇਕ ਪੱਛੜੇ ਇਲਾਕੇ ਵਿੱਚੋਂ ਉੱਠ ਕੇ ਸੀਮਤ ਸਾਧਨਾਂ ਦੇ ਹੁੰਦਿਆਂ ਉੱਚ ਸਿੱਖਿਆਂ ਪ੍ਰਾਪਤ ਕੀਤੀ ਅਤੇ ਅਧਿਆਪਕਾਂ ਜੱਥੇਬੰਦੀਆਂ ਦੀ ਅਗਵਾਈ ਕਰਕੇ ਉਨ੍ਹਾਂ ਨੂੰ ਲੋੜੀਂਦੇ ਹੱਕ ਦਿਵਾਏ। ਬਾਅਦ ਵਿੱਚ ਉਨ੍ਹਾਂ ਆਪਣੇ  ਕੈਨੇਡਾ ਪਰਵਾਸ ਵਿੱਚ ਵੀ ਅਧਿਆਪਨ ਅਤੇ ਸਾਹਿਤੱਕ ਜੱਥੇਬੰਦੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਤੋਂ ਉਪਰੰਤ ਸਨਮਾਨਤ ਮਹਿਮਾਨ ਨੂੰ ਸਨਮਾਨ ਪੱਤਰ ਭੇਂਟ ਕੀਤਾ ਗਿਆ। ਸਮਾਗਮ ਵਿੱਚ ਹਾਜ਼ਰ ਰਜਿੰਦਰ ਸਿੰਘ ਧਾਲੀਵਾਲ, ਡਾ. ਪਰਮਜੀਤ ਸਿੰਘ ਕਲਸੀ ਅਤੇ ਡਾ.ਅਨੂਪ ਸਿੰਘ ਨੇ ਵੀ ਪ੍ਰੋ.ਜਗੀਰ ਸਿੰਘ ਕਾਹਲੋਂ ਦੇ ਜੀਵਨ ਅਤੇ ਘਾਲਣਾ ਬਾਰੇ ਚਾਨਣਾ ਪਾਇਆ ਅਤੇ ਵਿਦੇਸ਼ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀਅਤ ਦਾ ਝੰਡਾ ਉੱਚਾ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਸਿੱਧ ਲੋਕ ਗਾਇਕ ਔਜਲਾ ਬ੍ਰਦਰਜ਼ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਧੀਆਂ ਅਤੇ ਮਾਪਿਆਂ ਨੂੰ ਸਮਰਪਤ ਗੀਤਾਂ ਨਾਲ ਲੋਕ ਮਨਾਂ ਨੂੰ ਦ੍ਰਵਿਤ ਕਰ ਦਿੱਤਾ। ਇਸ ਮੌਕੇ ਪ੍ਰਵਾਸੀ ਲੇਖਕ ਅਤੇ ਚਿੰਤਕ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਸਮੇਤ ਸਮੂਹ ਹਾਜਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨਾਂ ਵਲੋਂ ਜੋ ਮਾਣ ਸਨਮਾਨ ਦਿੱਤਾ ਗਿਆ ਹੈ, ਉਹ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਉਨਾਂ ਨੇ ਆਪਣੇ ਜੀਵਨ ਵਿਚਲੇ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਸਰੋਤਿਆਂ ਨਾਲ ਸਾਂਝ ਪਾਈ। ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਵਿੱਚੋਂ ਅਜੀਤ ਕਮਲ, ਦੁਖਭੰਜਨ ਰੰਧਾਵਾ, ਵਿਜੇ ਅਗਨੀਹੋਤਰੀ, ਸੁਲਤਾਨ ਭਰਤੀ, ਆਦੇਸ਼ ਅਕੁੰਸ਼, ਰਮੇਸ਼ ਜਾਨੂੰ,  ਰਘਬੀਰ ਸਿੰਘ ਸੋਹਲ, ਵਰਗਿਸ ਸਲਾਮਤ, ਵਿਨੋਦ ਸ਼ਾਇਰ, ਗੁਰਮੀਤ ਬਾਜਵਾ, ਜਗਨ ਨਾਥ ਉਦੋਕੇ, ਬਲਬੀਰ ਕਲਸੀ, ਦੇਵੇਂਦਰ ਪਾਲ ਅਤੇ ਨਰਿੰਦਰ ਸਿੰਘ ਸੰਘਾ ਨੇ ਆਪਣੀਆਂ ਰਚਨਾਵਾਂ ਸੁਣਾਈਆ ਅਤੇ ਮਾਹੋਲ ਨੂੰ ਸਾਹਿਤਕ ਬਣਾਈ ਰੱਖਿਆ। ਇਸ ਮੌਕੇ ਜੋਗਿੰਦਰ ਸਿੰਘ ਸਹਾਲਾ ਕਲੱਬ, ਹਰਪ੍ਰੀਤ ਸਿੰਘ ਲੈਕਚਰਾਰ, ਸ੍ਰੀਮਤੀ ਸਤਿੰਦਰ ਕੌਰ ਕਾਹਲੋਂ, ਡਾ. ਗੁਰਵੰਤ ਸਿੰਘ, ਸ੍ਰੀ ਪੂਰਨ ਪਿਆਸਾ ਸਾਬਕਾ ਕਮਿਸ਼ਨਰ, ਸ੍ਰੀਮਤੀ ਸਰਬਜੀਤ ਕੌਰ ਕਾਹਲੋਂ, ਰੁਪਿੰਦਰ ਸਿੰਘ ਸ਼ਾਮਪੁਰਾ ਅਤੇ ਗਗਨਦੀਪ ਸਿੰਘ ਸ਼ਾਮਲ ਸਨ।