ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਪੁਲਿਸ ਜਰੀਏ ਜਬਰੀ ਲੈਣਾ ਗਲਤ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 03 ਮਾਰਚ : ਸ਼੍ਰੋਮਣੀ ਕਮੇਟੀ ਵੱਲੋਂ ਸੱਦੇ ਗਏ ਉਚੇਚੇ ਇਜਲਾਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਨਾਮਜ਼ਦ ਐਡਹਾਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦਾ ਪੁਲਿਸ ਜਰੀਏ ਪ੍ਰਬੰਧ ਹਥਿਆਉਣਾ ਇਕ ਵੱਡੀ ਗਲਤੀ ਹੈ, ਜੋ ਉਨ੍ਹਾਂ ਨੂੰ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਸਵੈ-ਚਿੰਤਨ ਕਰਨਾ ਚਾਹੀਦਾ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਹੁਣ ਵੀ ਜਿਊਂ ਦਾ ਤਿਊਂ ਖੜ੍ਹਾ ਹੈ ਅਤੇ ਸੁਪਰੀਮ ਕੋਰਟ ਆਪਣੇ ਫੈਸਲੇ ਵਿਚ ਇਸ ਨੂੰ ਬਿਲਕੁਲ ਨਹੀਂ ਛੇੜਿਆ ਹੈ। ਉਨ੍ਹਾਂ ਆਖਿਆ ਕਿ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਾਂ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਸੀ ਅਤੇ ਜੇਕਰ ਸੁਣਵਾਈ ਨਾ ਹੁੰਦੀ ਤਾਂ ਕੋਰਟ ਪਾਸ ਪਹੁੰਚ ਕਰਨੀ ਚਾਹੀਦੀ ਸੀ। ਗੁਰੂ ਮਰਯਾਦਾ ਵਿਰੁੱਧ ਸਰਕਾਰੀ ਤਰੀਕੇ ਨਾਲ ਪ੍ਰਬੰਧ ਲੈਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਕੌਮ ਦਾ ਮਾਣ ਹਨ ਅਤੇ ਇਨ੍ਹਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਕੌਮ ਦਾ ਹਾਸਲ ਹੈ ਇਹ ਕੌਮ ਦੀ ਰੀੜ ਦੀ ਹੱਡੀ ਹੈ। ਬਾਕੀ ਸੰਸਥਾਵਾਂ ਵੀ ਕੌਮ ਦਾ ਅਹਿਮ ਅੰਗ ਹਨ। ਸ਼੍ਰੋਮਣੀ ਕਮੇਟੀ ਨੂੰ ਤੋੜਨਾ ਮੰਦਭਾਗਾ ਹੈ। ਸਿੱਖ ਪੰਥ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਅੱਗੇ ਆਉਣ, ਕਿਉਂਕਿ ਇਸ ਦੀ ਮਜ਼ਬੂਤੀ ਨਾਲ ਹੀ ਪੰਥ ਮਜ਼ਬੂਤ ਰਹੇਗਾ। ਇਜਲਾਸ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਬੀਬੀ ਕਿਰਨਜੋਤ ਕੌਰ, ਸ. ਜਸਵੰਤ ਸਿੰਘ ਪੁੜੈਣ, ਸ. ਮਹਿੰਦਰ ਸਿੰਘ ਹੁਸੈਨਪੁਰ, ਬਾਬਾ ਗੁਰਪ੍ਰੀਤ ਸਿੰਘ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਬਲਵਿੰਦਰ ਸਿੰਘ ਬੈਂਸ, ਸ. ਕਰਨੈਲ ਸਿੰਘ ਪੰਜੋਲੀ, ਸ. ਸਰਵਨ ਸਿੰਘ ਕੁਲਾਰ ਅਤੇ ਸਕੱਤਰ ਸ. ਪ੍ਰਤਾਪ ਸਿੰਘ ਨੇ ਸੰਬੋਧਨ ਕੀਤਾ। ਇਜਲਾਸ ’ਚ ਪੁੱਜੇ ਸਿੰਘ ਸਾਹਿਬਾਨ ਅਤੇ ਮੈਂਬਰਾਂ ਦਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਧੰਨਵਾਦ ਕੀਤਾ।