ਭਾਰਤੀ ਹਕੂਮਤ ਸਿੱਖਾਂ ਨੂੰ ਗ਼ੁਲਾਮੀ ਵਾਲਾ ਅਹਿਸਾਸ ਕਰਵਾ ਰਹੀ ਹੈ :ਜਥੇਦਾਰ ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ/ਲਾਲੜੂ 27 ਜਨਵਰੀ : ਅਜ਼ਾਦ ਭਾਰਤ ਅੰਦਰ ਸਿੱਖਾਂ ਨੂੰ ਬੇਗਾਨਗੀ ਵਾਲਾ ਅਹਿਸਾਸ ਕਰਵਾਇਆ ਜਾਣਾ ਸਿੱਖਾਂ ਦੀ ਬਦਕਿਸਮਤੀ ਹੈ। ਭਾਰਤ ਵਿੱਚ ਅਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਉਪਰੰਤ ਹੀ ਭਾਰਤ ਦੇ ਰਾਜਨੀਤਿਕ ਆਗੂਆਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ, ਜੋ ਸਿੱਖਾਂ ਨਾਲ ਧੱਕਾ ਸੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਤੇ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਅੱਜ ਪੰਥ ਦੇ ਪ੍ਰਸਿੱਧ ਢਾਡੀ ਮੋਹਨ ਸਿੰਘ ਬੜਾਣਾ ਦੇ ਸਰਦਾਰਪੁਰਾ ਕਾਲੋਨੀ ਵਿਖੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਵਿੱਚ ਆਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਤਖਤ ਸ੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਗਿਆਨੀ ਜਗਤਾਰ ਸਿੰਘ, ਬਾਬਾ ਸੱਜਣ ਸਿੰਘ ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ, ਡਾ. ਅਮਰੀਕ ਸਿੰਘ ਬੇਗੋਵਾਲ, ਗਿਆਨੀ ਸਾਹਿਬ ਸਿੰਘ ਪਾਣੀਪਤ, ਗੁਰਦੁਆਰਾ ਬਾਬਾ ਮੱਖਣ ਸਾਹ ਲੁਬਾਣਾ ਦੇ ਪ੍ਰਧਾਨ ਭਾਈ ਦਲੇਰ ਸਿੰਘ ਆਦਿ ਨੇ ਸਿਰਕਤ ਕੀਤੀ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਭਾਰਤੀ ਹਕੂਮਤ ਸਿੱਖਾਂ ਨੂੰ ਗੁਲਾਮੀ ਵਾਲ ਅਹਿਸਾਸ ਕਰਵਾ ਰਹੀ ਹੈ ਅਤੇ ਅਜ਼ਾਦ ਭਾਰਤ ਅੰਦਰ ਕਦੇ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਅਤੇ ਕਦੇ ਸਿੱਖਾਂ ਦੇ ਚਿਹਰਿਆ ਨਾਲ ਮਜ਼ਾਕ ਉਡਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਰਮ ਵਾਸਤੇ ਜਜਬਾਤੀ ਹੋ ਕੇ ਕੀਤੇ ਕੰਮ ਬਦਲੇ ਸਿੰਘਾਂ ਨੂੰ ਕਾਨੂੰਨ ਵੱਲੋਂ ਦਿੱਤੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਜੋ ਲੋਕਤੰਤਰ ਦਾ ਘਾਣ ਹੈ । ਉਨ੍ਹਾਂ ਕਿਹਾ ਕਿ ਭਾਰਤ ਦੇ ਕਾਨੂੰਨ ਮੁਤਾਬਿਕ ਅਜਿਹੀ ਸਜ਼ਾ ਨਹੀਂ ਬਣਦੀ ਕਿ ਕੌਮ ਦੇ ਜੁਝਾਰੂ ਧਰਮਯੁੱਧ ਮੌਰਚੇ ਦੇ ਸਿੰਘ ਜੋ ਦੇਸ਼ ਦੀਆਂ ਜੇਲਾਂ ਵਿੱਚ 32-32 ਸਾਲ ਤੋਂ ਬੰਦ ਹਨ ਤੇ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਜਥੇਦਾਰ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ, ਪਰ ਸਜਾਵਾਂ ਪੂਰੀਆਂ ਹੋਣ ਤੋਂ ਬਾਵਜੂਦ ਵੀ ਉਨ੍ਹਾਂ ਨੂੰ ਰਿਹਾਅ ਨਾ ਕਰਨਾ ਭਾਰਤ ਦੇ ਲੋਕਤੰਤਰ ਉੱਤੇ ਵੱਡਾ ਕਲੰਕ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਤਾਂ ਕੀ ਕਰਨਾ ਸੀ ਪੈਰੋਲ ਤੱਕ ਵੀ ਨਹੀਂ ਦਿੱਤੀ ਜਾ ਰਹੀ, ਦੂਜੇ ਪਾਸੇ ਡੇਰਾ ਸਰਸਾ ਦੇ ਸਾਧ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਜਿੱਥੇ ਸਿੱਖਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਦਾ ਕੰਮ ਕੀਤਾ ਜਾ ਰਿਹਾ ਹੈ, ਉੱਥੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ਰੱਦ ਕਰ ਦਿੱਤੀ ਗਈ। ਜਥੇਦਾਰ ਨੇ ਕਿਹਾ ਕਿ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜ਼ਾਦੀ ਦਿਵਾਈ ਹੈ, ਪਰ ਮੌਜੂਦਾ ਸਰਕਾਰਾਂ ਵੱਲੋਂ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਅਹਿਸਾਸ ਦਿਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਕਾਨੂੰਨ ਉੱਤੇ ਸਿੱਖਾਂ ਦਾ ਵਿਸਵਾਸ ਤਾਂ ਹੀ ਬਣ ਸਕਦਾ ਹੈ, ਜੇਕਰ ਸਰਕਾਰ ਜਲਦ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਅਤੇ ਸਿੱਖਾਂ ਨੂੰ ਇੱਕ ਦਰਜੇ ਦੇ ਸ਼ਹਿਰੀ ਐਲਾਨੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਣੀ ਤੇ ਬਾਣੇ ਦੀ ਧਾਰਨੀ ਹੋਣ ਤੇ ਖੰਡੇ ਬਾਟੇ ਦੀ ਪੋਹਲ ਛੱਕ ਕੇ ਅੰਮ੍ਰਿਤਧਾਰੀ ਬਣਨ। ਉਨ੍ਹਾਂ ਕਿਹਾ ਕਿ ਸਿੱਖਾਂ ਅੰਦਰ ਸਹਿਜ ਅਤੇ ਸਹਿਨਸੀਲਤਾ ਹੋਣੀ ਅਤਿ ਜ਼ਰੂਰੀ ਹੈ।