ਅੰਮ੍ਰਿਤਸਰ ਏਅਰਪੋਰਟ ਤੋਂ ਗੁਰ ਔਜਲਾ ਨੂੰ ਹਿਰਾਸਤ ਵਿੱਚ ਲਿਆ

ਅੰਮ੍ਰਿਤਸਰ, 09 ਮਾਰਚ : ਵਾਰਿਸ ਪੰਜਾਬ ਦੇ ਜੱਥੇਦਾਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਫੜੇ ਗਏ ਨੌਜਵਾਨ ਦੀ ਪਛਾਣ ਗੁਰਿੰਦਰਪਾਲ ਸਿੰਘ ਉਰਫ਼ ਗੁਰ ਔਜਲਾ ਵਜੋਂ ਹੋਈ ਹੈ। ਪੰਜਾਬ ਵੱਲੋਂ ਉਸ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਫਿਲਹਾਲ ਗ੍ਰਿਫਤਾਰ ਗੁਰ ਔਜਲਾ ਤੋਂ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਛਗਿੱਛ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰ ਔਜਲਾ ਯੂ.ਕੇ. ਦਾ ਰਹਿਣ ਵਾਲਾ ਹੈ, ਉਹ ਪਿਛਲੇ ਕੁਝ ਮਹੀਨਿਆਂ ਤੋਂ ਹੀ ਪੰਜਾਬ ਵਿੱਚ ਹੀ ਸੀ। ਦੱਸਿਆ ਗਿਆ ਹੈ ਕਿ ਗੁਰ ਔਜਲਾ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਹੈਂਡਲਰ ਹੈ। ਪੰਜਾਬ ਦੇ ਜਲੰਧਰ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਉਸ ਦੇ ਨਾਮ ਤੋਂ ਐਲਓਸੀ ਕੱਢਿਆ ਗਿਆ ਸੀ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ ਕਿਉਂਕਿ ਉਹ ਇੱਕ ਐਨਆਰਆਈ ਸੀ। ਗੁਰ ਔਜਲਾ ਖ਼ਿਲਾਫ਼ 20 ਫਰਵਰੀ ਨੂੰ ਕੇਸ ਦਰਜ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਦੋਸ਼ ‘ਚ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਹੀ ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਹੁਣ ਜਦੋਂ ਉਹ ਵਿਦੇਸ਼ ਜਾਣ ਵਾਲਾ ਸੀ ਤਾਂ ਐਲਓਸੀ ਜਾਰੀ ਹੋਣ ਕਾਰਨ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।